ਮਾਨਸਾ 23 ਅਪ੍ਰੈਲ (ਸਾਰਾ ਯਾਹਾ/ਮੁੱਖ ਸੰਪਾਦਕ)ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗਿ੍ਰਫ਼ਤਾਰ ਕੀਤੇ ਦੀਪਕ ਟੀਨੂੰ ਫਰਾਰ ਕਰਵਾਉਣ ਦੇ ਦੋਸ਼ ਹੇਠ ਦੀਪਕ ਟੀਨੂੰ ਸਮੇਤ ਸੀਆਈਏ ਸਟਾਫ਼ ਮਾਨਸਾ ਦੇ ਇੰਚਾਰਜ ਪਿ੍ਰਤਪਾਲ ਸਿੰਘ ਨੂੰ ਮਾਨਸਾ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਤੁਰਣ ਅਗਰਵਾਲ ਜੁਡੀਸ਼ੀਅਲ ਮੈਜਿਸਟਰੇਟ ਅਵੱਲ ਦਰਜਾ ਮਾਨਸਾ ਦੀ ਅਦਾਲਤ ਨੇ ਸਾਬਕਾ ਇੰਸਪੈਕਟਰ ਪਿ੍ਰਤਪਾਲ ਸਿੰਘ ਨੂੰ 1 ਸਾਲ 11 ਮਹੀਨਿਆਂ ਦੀ ਸਜ਼ਾ, 5 ਹਜ਼ਾਰ ਰੁਪਏ ਜ਼ੁਰਮਾਨਾ, ਦੀਪਕ ਟੀਨੂੰ 2 ਸਾਲ ਦੀ ਸਜ਼ਾ ਅਤੇ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਹ ਦੋਵੇਂ ਜੇਲ੍ਹ ਵਿੱਚ ਬੰਦ ਹਨ।ਦੀਪਕ ਟੀਨੂੰ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲੀਸ ਨੇ ਗਿ੍ਰਫ਼ਤਾਰ ਕਰਕੇ ਸੀਆਈਏ ਸਟਾਫ਼ ਪੁੱਛਗਿੱਛ ਲਈ ਰੱਖਿਆ ਹੋਇਆ ਸੀ, ਜਿੱਥੇ ਉਹ 1 ਅਕਤੂਬਰ, 2022 ਨੂੰ ਫਰਾਰ ਹੋ ਗਿਆ ਸੀ। ਬਾਅਦ ਵਿੱਚ ਪੁਲੀਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੀਪਕ ਟੀਨੂੰ ਪੁਲੀਸ ਹਿਰਾਸਤ ’ਚੋਂ ਫਰਾਰ ਕਰਵਾਉਣ ਲਈ ਸੀਆਈਏ ਸਟਾਫ਼ ਮਾਨਸਾ ਦੇ ਇੰਚਾਰਜ ਪਿ੍ਰਤਪਾਲ ਸਿੰਘ ਦਾ ਹੱਥ ਸੀ। ਪੁਲੀਸ ਨੇ 2 ਅਕਤੂਬਰ, 2022 ਨੂੰ ਪਿ੍ਰਤਪਾਲ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਸੀ। ਇਸ ਕੇਸ ਦਾ ਫੈਸਲਾ ਸੁਣਾਉਂਦੇ ਹੋਏ ਅੱਜ ਉਕਤ ਅਦਾਲਤ ਨੇ ਦੀਪਕ ਟੀਨੂੰ ਨੂੰ 2 ਸਾਲ ਦੀ ਸਜ਼ਾ ਅਤੇ ਇੰਸਪੈਕਟਰ ਪਿ੍ਰਤਪਾਲ ਸਿੰਘ ਨੂੰ 1 ਸਾਲ 11 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਅਦਾਲਤ ਨੇ ਦੀਪਕ ਟੀਨੂੰ ਦੀ ਪ੍ਰੇਮਿਕਾ ਅਤੇ ਭਰਾ ਸਮੇਤ 8 ਜਣਿਆਂ ਨੂੰ ਬਰੀ ਕੀਤਾ ਹੈ, ਜਿਸ ਵਿੱਚ ਦੀਪਕ ਟੀਨੂੰ ਦੀ ਪ੍ਰੇਮਿਕਾ ਜਤਿੰਦਰ ਕੌਰ ਜੋਤੀ, ਕੁਲਦੀਪ ਕੋਹਲੀ, ਬਿੱਟੂ, ਰਜਿੰਦਰ ਗੋਰਾ,ਸੁਨੀਲ ਲੋਈਆ,ਸਰਬਜੋਤ ਸਿੰਘ,ਰਾਜਵੀਰ ਸਿੰਘ, ਚਿਰਾਗ ਸ਼ਾਮਲ ਹੈ। ਇਨ੍ਹਾਂ ਉਕਤ ਵਿਅਕਤੀਆਂ ਨੂੰ ਅਦਾਲਤ ਨੇ ਬਰੀ ਕੀਤਾ ਹੈ, ਜਿੰਨ੍ਹਾਂ ’ਤੇ ਦੀਪਕ ਟੀਨੂੰ ਹਵਾਲਤ ’ਚ ਫਰਾਰ ਕਰਨ ਦਾ ਦੋਸ਼ ਸੀ। ਪੁਲੀਸ ਨੇ ਬਿੱਟੂ ਤੋਂ ਇੱਕ ਪਿਸਤੌਲ ਅਤੇ ਸਾਬਕਾ ਇੰਪੈਕਟਰ ਪਿ੍ਰਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ੀ ਤੋਂ ਤਿੰਨ ਪਿਸਤੌਲ ਬਰਾਮਦ ਕੀਤੇ ਸਨ।