

ਚੰਡੀਗੜ੍ਹ (ਸਾਰਾ ਯਹਾ) : ਸ੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਨੂੰ ਜੋੜਦੇ ਰੋਪਵੇਅ ਪ੍ਰਾਜੈਕਟ ਦਾ ਰਾਹ ਪੱਧਰਾ ਹੋ ਗਿਆ ਹੈ। ਅੱਜ ਹਿਮਾਚਲ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਰਾਮ ਸੁਭਾਗ ਸਿੰਘ ਨਾਲ ਰੋਪਵੇਅ ਪ੍ਰਾਜੈਕਟ ਦੀ ਮੁੜ ਸ਼ੁਰੂਆਤ ਬਾਰੇ ਚਰਚਾ ਮਗਰੋਂ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਤੇ ਹਿਮਾਚਲ ਵਿਚਾਲੇ ਹੋਇਆ ਇਕਰਾਰਨਾਮਾ ਮੁੜ ਸੁਰਜੀਤ ਹੋਵੇਗਾ।
ਦਰਅਸਲ ਦੋਵਾਂ ਸੂਬਿਆਂ ਦਰਮਿਆਨ ਇਕਰਾਰਨਾਮਾ ਕੀਤਾ ਗਿਆ ਸੀ ਪਰ ਇਹ 2014 ਵਿੱਚ ਠੰਢੇ ਬਸਤੇ ਵਿੱਚ ਪੈ ਗਿਆ ਸੀ। ਇਸ ਦੀ ਮੁੜ ਸ਼ੁਰੂਆਤ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੱਧੂ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਇਕਰਾਰਨਾਮੇ ਤੇ ਇਸੇ ਮਹੀਨੇ ਦੌਰਾਨ ਸਹੀ ਪਾਈ ਜਾਵੇਗੀ ਜਿਸ ਨਾਲ ਇਹ ਪ੍ਰਾਜੈਕਟ ਰਫ਼ਤਾਰ ਫੜੇਗਾ।
ਮੀਟਿੰਗ ਦੌਰਾਨ ਰਾਮ ਸੁਭਾਗ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬੀਤੇ ਦਿਨੀਂ ਹੋਈ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਦੇ ਦਿੱਤੀ ਗਈ ਹੈ। ਸਿੱਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 200 ਕਰੋੜ ਰੁਪਏ ਹੋਵੇਗੀ ਤੇ ਇਹ 3.5 ਕਿਲੋਮੀਟਰ ਦਾ ਫਾਸਲਾ ਤੈਅ ਕਰੇਗਾ।
ਉਨ੍ਹਾਂ ਦੱਸਿਆ ਕਿ ਕਿ ਸ਼ਰਧਾਲੂਆਂ ਦੀ ਸੁਰੱਖਿਆ ਦੀ ਅਹਿਮੀਅਤ ਨੂੰ ਸਮਝਦਿਆਂ ਅਜਿਹੀ ਉੱਚ ਕੋਟੀ ਕੰਪਨੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਜਿਸ ਦਾ ਰਿਕਾਰਡ ਹਾਦਸਿਆਂ ਰਹਿਤ ਹੋਵੇਗਾ। ਸਿੱਧੂ ਨੇ ਕਿਹਾ ਇੱਕ ਵਾਰ ਸ਼ੁਰੂ ਹੋਣ ‘ਤੇ ਇਹ ਪ੍ਰਾਜੈਕਟ ਨਾ ਸਿਰਫ਼ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਪੱਖੋਂ ਮੀਲ ਪੱਥਰ ਸਾਬਿਤ ਹੋਵੇਗਾ ਸਗੋਂ ਹਿੰਦੂ-ਸਿੱਖ ਤੰਦਾਂ ਨੂੰ ਹੋਰ ਮਜ਼ਬੂਤ ਵੀ ਕਰੇਗਾ।
EDITED BY : SARA YAHA | | Last Updated :6:42 Pm 10 august 2018























