

ਮਾਨਸਾ, 01 ਅਕਤੂਬਰ (ਹੀਰਾ ਸਿੰਘ ਮਿੱਤਲ ): ਦਿਲ ਦੇ ਰੋਗਾਂ ਲਈ ਸਾਡੀ ਬਦਲ ਰਹੀ ਕਾਰਜਸੈਲੀ ਅਤੇ ਖਾਣ ਪੀਣ ਦਾ ਮੁੱਖ ਕਾਰਨ ਪੱਛਮੀ ਸੱਭਿਅਤਾ ਹੈ, ਕਿਉਕਿ ਭਾਰਤੀ ਲੋਕ ਖਾਣ ਪੀਣ ਪਹਿਨਣ ਵਿੱਚ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਸ ਕਰਕੇ ਉਹ ਆਪਣੇ ਸ਼ਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਜਕੜ ਲੈਂਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਅੱਜ ਵਿਸ਼ਵ ਦਿਲ ਦਿਵਸ ਅਤੇ ਬਜੁਰਗ ਦਿਵਸ ਮੌਕੇ ਸਿਵਲ ਹਸਪਤਾਲ ਵਿਖੇ ਆਯੋਜਿਤ ਕੀਤੇ ਇਕ ਸਮਾਗਮ ਦੌਰਾਨ ਕੀਤਾ।
ਇਸ ਮੌਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਤੌਰ ਤੇ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾਲ ਮੋਟਾਪਾ, ਸ਼ੂਗਰ ਰੋਗ, ਮਾਨਸਿਕ ਤਣਾਅ ਤੇ ਜ਼ਿਆਦਾ ਬਲੱਡ ਪ੍ਰੈਸ਼ਰ ਆਦਿ ਦਿਲ ਦੇ ਰੋਗ ਇਨ੍ਹਾਂ ਵਿੱਚੋ ਉਪਜਦੇ ਹਨ। ਜਿਸ ਤਰਾਂ ਰੋਗੀ ਨੂੰ ਅਚਾਨਕ ਦਿਲ ਦਾ ਦੌਰਾਂ ਪੈਦਾ ਹੈ ਤਾਂ ਉਸ ਦੀ ਛਾਤੀ ਦੇ ਵਿਚਕਾਰ ਦਰਦ ਹੁੰਦਾ ਹੈ, ਸਾਹ ਲੈਣ ਵਿੱਚ ਦਿੱਕਤ ਆਉਦੀ ਹੈ, ਪਸੀਨਾ ਆਉਣ ਲੱਗਦਾ ਹੈ। ਅਜਿਹੇ ਮੁੱਢਲੇ ਲੱਛਣਾਂ ਦੀ ਸੂਰਤ ਵਿੱਚ ਸਾਨੂੰ ਨੇੜੇ ਦੇ ਕਿਸੇ ਯੋਗਤਾ ਪ੍ਰਾਪਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।ਜੇਕਰ ਡਾਕਟਰ ਉਸ ਹਾਲਤ ਵਿੱਚ ਸਾਨੁੰ ਇੱਕ ਜਾਂ ਦੋ ਗੋਲੀਆਂ ਪੱਕੇ ਤੌਰ ਤੇ ਖਾਣ ਦੀ ਸਲਾਹ ਦਿੰਦਾ ਹੈ ਤਾਂ ਸਾਨੂੰ ਡਾਕਟਰ ਦੀ ਸਲਾਹ ਨੂੰ ਅਣਗੋਲਿਆਂ ਨਹੀ ਕਰਨਾ ਚਾਹੀਦਾ।
ਉਨ੍ਹਾਂ ਦੱਸਿਆ ਕਿ ਸ਼ਰੀਰ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਾਨੂੰ ਆਪਣੇ ਖਾਣ ਪੀਣ ਦੇ ਤੌਰ ਤਰੀਕੇ ਨੂੰ ਬਿਲਕੁੱਲ ਹੀ ਸਾਦਾ ਕਰ ਦੇਣਾ ਚਾਹੀਦਾ ਹੈ। ਫਾਸਟ ਫੂਡ, ਸ਼ਰਾਬ, ਅਤੇ ਹੋਰ ਚਿਕਨਈ ਵਾਲੇ ਭੋਜਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਆਪਣਾ ਸ਼ਰੀਰਿਕ ਭਾਰ ਕੰਟਰੋਲ ਵਿਚ ਰੱਖਣਾ ਚਾਹੀਦਾ ਹੈ। 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਨਮਕੀਨ ਅਤੇ ਮਿੱਠੇ ਦਾ ਸੇਵਨ ਘੱਟ ਕਰ ਦੇਣਾ ਚਾਹੀਦਾ ਹੈ। ઠ
ਸੀਨੀਅਰ ਸਿਟੀਜ਼ਨ ਦਿਵਸ ਸਬੰਧੀ ਬੋਲਦਿਆਂ ਸੀਨੀਅਰ ਮੈਡੀਕਲ ਅਫ਼ਸਰ ਜਗਪਾਲਇੰਦਰ ਸਿੰਘ ਨੇ ਕਿਹਾ ਕਿ ਸਾਨੂੰ ਬਜੁਰਗਾਂ ਨੂੰ ਜਨਤਕ ਥਾਵਾਂ ਤੇ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ। ਬਜੁਰਗਾਂ ਲਈ ਸਾਨੂੰ ਘਰਾਂ ਵਿੱਚ ਪੌਸ਼ਟਿਕ ਅਤੇ ਨਰਮ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪਰਿਵਾਰ ਵਿੱਚ ਖਾਣਾ ਖਾਣ ਸਮੇ ਸਭ ਤੋ ਪਹਿਲਾਂ ਸਾਨੂੰ ਖਾਣਾ ਬਜੁਰਗਾਂ ਨੂੰ ਪਰੋਸਨਾ ਚਾਹੀਦਾ ਹੈ। ਘਰ ਵਿੱਚ ਮਾਵਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆ ਨੂੰ ਬਜੁਰਗਾਂ ਪ੍ਰਤੀ ਚੰਗੇ ਸੰਸਕਾਰ ਦੇਣ ਤਾਂ ਕਿ ਬਜੁਰਗਾਂ ਦਾ ਘਰ ਵਿੱਚ ਮਾਣ ਸਨਮਾਨ ਬਣਿਆ ਰਹੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਵਿੱਚ ਸੀਨੀਅਰ ਸਿਟੀਜ਼ਨ ਲਈ ਅਲੱਗ ਤੋ ਖਿੜਕੀ ਦਾ ਪ੍ਰਬੰਧ ਕੀਤਾ ਗਿਆ ਹੈ।ਜੇਕਰ ਫੇਰ ਵੀ ਕਿਸੇ ਬਜ਼ੁਰਗ ਨੂੰ ਪ੍ਰੇਸ਼ਾਨੀ ਆਉਦੀ ਹੈ ਤਾਂ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ. ਮਨੋਹਰ ਲਾਲ,ਜਿਲਾ ਪ੍ਰੋਗਰਾਮ ਮੈਨੇਜਰ ਸ੍ਰੀ ਅਵਤਾਰ ਸਿੰਘ, ਸ਼੍ਰੀ ਤੇਜਿੰਦਰਪਾਲ ਸ਼ਰਮਾ, ਕੁਲਦੀਪ ਸਿੰਘ, ਰੋਜਲੀਨ ਨਰਸਿੰਗ ਸਿਸਟਰ, ਅਤੇ ਸੁਖਮਿੰਦਰ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ ਮੌਜੂਦ ਸਨ।
EDITED BY : SARA YAHA | | Last Updated : 6:05 pm 01 October 2018






















