ਮਾਨਸਾ, 17 ਮਈ(ਸਾਰਾ ਯਹਾ,(ਬਲਜੀਤ ਸ਼ਰਮਾ) : ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਜ਼ਿਲ੍ਹੇ ਦੇ ਵੋਟਰਾਂ ਨੂੰ ਚੋਣ ਪ੍ਰਕ੍ਰਿਆ, ਵੋਟਿੰਗ ਮਸ਼ੀਨਾਂ ਅਤੇ ਵੋਟਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੀਪ ਪ੍ਰੋਗਰਾਮ ਅਧੀਨ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਸਵੀਪ ਗਤੀਵਿਧੀ ਤਹਿਤ ਜ਼ਿਲ੍ਹੇ ਅੰਦਰ ਜਿੱਥੇ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ, ਉਥੇ ਹੀ ਵਿਦਿਆਰਥੀਆਂ ਦੇ ਚੋਣਾਂ ਦੇ ਵਿਸ਼ੇ ਨਾਲ ਸਬੰਧਤ ਸਲੋਗਨ, ਪੋਸਟਰ ਆਦਿ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨਰ ਵੱਲੋਂ ਤਿਆਰ ਸਵੀਪ ਵੈਨ ਰਾਹੀਂ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਓਲੰਪੀਅਨ ਸਵਰਨ ਸਿੰਘ ਵਿਰਕ ਅਤੇ ਜ਼ਿਲ੍ਹਾ ਦਿਵਿਯਾਂਗ ਵੋਟਰ ਆਈਕਨ ਸ੍ਰੀ ਸੰਜੀਵ ਗੋਇਲ ਦੀ ਅਗਵਾਈઠਵਿੱਚ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਹਲਕਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਰੋਡ ਸ਼ੋਅ ਕੀਤੇ ਗਏ, ਜਿੱਥੇ ਓਲੰਪਿਅਨ ਸ਼੍ਰੀ ਸਵਰਨ ਸਿੰਘ ਵਿਰਕ ਅਤੇ ਸ਼੍ਰੀ ਸੰਜੀਵ ਗੋਇਲ ਵੱਲੋਂ ਵੋਟਰਾਂ ਨੂੰ 100 ਫੀਸਦੀ ਮਤਦਾਨ ਕਰਨ ਦੀ ਅਪੀਲ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਈਕਲ ਰੈਲੀਆਂ, ਕਾਰ-ਜੀਪ ਰੈਲੀਆਂ ਅਤੇ ਨੁੱਕੜ ਨਾਟਕਾਂ ਰਾਹੀਂ ਵੀ ਵੋਟਾਂ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਵੋਟਾਂ ਦੇ ਅਧਿਕਾਰ ਦੀ ਵਰਤੋਂ ਤੋਂ ਪ੍ਰੇਰਿਤ ਕਰਨ ਲਈ ਲੁਧਿਆਣਾ ਦੇ ਇਨੀਸ਼ੀਏਟਰਜ਼ ਆਫ਼ ਚੇਂਜ ਗਰੁੱਪ ਵੱਲੋਂ ਵੀ ਨੁੱਕੜ ਨਾਟਕਾਂ ਅਤੇ ਰੈਲੀਆਂ ਰਾਹੀਂ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਮੁਹਿੰਮ ਦੀ ਲੜੀ ਤਹਿਤ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਮਾਈ ਵੋਟ ਮਾਈ ਵਾਇਸ’ ਦੇ ਸਲੋਗਨ ਹੇਠ ਇੱਕ ਵਿਸ਼ਾਲ ਗੁਬਾਰਾ ਵੀ ਲਗਾਇਆ ਗਿਆ ਹੈ, ਜੋ ਲੋਕਾਂ ਨੂੰ 19 ਮਈ 2019 ਨੂੰ ਆਪਣੀ ਵੋਟ ਦੇ ਇਸਤੇਮਾਲ ਕਰਨ ਦਾ ਸੁਨੇਹਾ ਦਿੰਦਾ ਹੈ।