ਸਰੀਰਕ ਅਭਿਆਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਨਸਾ ‘ਚ ਬਣਾਏ ਜਾਣਗੇ 150 ਖੇਡ ਮੈਦਾਨ: ਡਿਪਟੀ ਕਮਿਸ਼ਨਰ

0
40

ਮਾਨਸਾ, 18 ਅਕਤੂਬਰ (ਬਲਜੀਤ ਸ਼ਰਮਾ) : ਬਿਹਤਰੀਨ ਮਨੁੱਖੀ ਵਿਕਾਸ ਦਾ ਟੀਚਾ ਹਾਸਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਮਾਨਸਾ ਵਿੱਚ ਖ਼ਾਲੀ ਤੇ ਪੰਚਾਇਤੀ ਥਾਵਾਂ ‘ਤੇ 150 ਖੇਡ ਮੈਦਾਨ ਬਣਾਏ ਜਾਣਗੇ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੀਤੀ ਕਾਰਗੁਜ਼ਾਰੀ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਬਲਾਕ ਵਿੱਚ 30 ਖੇਡ ਮੈਦਾਨ ਉਸਾਰਨ ਲਈ ਖ਼ਾਲੀ ਤੇ ਪੰਚਾਇਤੀ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖ਼ਾਸਕਰ ਪ੍ਰਾਇਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੇੜੇ ਜਾਂ ਫਿਰ ਪਿੰਡਾਂ ਦੀਆਂ ਹੋਰਨਾਂ ਥਾਵਾਂ ‘ਤੇ ਨਰੇਗਾ ਤਹਿਤ ਖੇਡ ਮੈਦਾਨ ਉਸਾਰੇ ਜਾਣੇ ਹਨ ਤਾਂ ਜੋ ਲੋਕਾਂ ਤੇ ਬੱਚਿਆਂ ਨੂੰ ਖੇਡਾਂ ਤੇ ਸਰੀਰਕ ਕਸਰਤ ਪ੍ਰਤੀ ਉਤਸ਼ਾਹਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਹਰ ਬਲਾਕ ਵਿਚ 6 ਅਤੇ ਜ਼ਿਲ੍ਹੇ ਵਿਚ ਕੁੱਲ 30 ਖੇਡ ਮੈਦਾਨ ਮੌਜੂਦ ਹਨ।
ਸ਼ਹਿਰਾਂ ਵਿੱਚ ਸਫ਼ਾਈ ਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਉਨ੍ਹਾਂ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਵਿੱਚ ਬਣੇ ਪਸ਼ੂ ਫ਼ਾਰਮਾਂ/ਪਸ਼ੂ ਡੇਅਰੀਆਂ ਵਿੱਚ ਮਹੀਨੇ ਦੀ ਸ਼ੁਰੂਆਤ ਅਤੇ ਅਖ਼ੀਰ ਵਿੱਚ ਚੈਕਿੰਗ ਕਰਕੇ ਪਸ਼ੂਆਂ ਦੀ ਗਿਣਤੀ ਦਾ ਰਿਕਾਰਡ ਰੱਖਣ ਤਾਂ ਜੋ ਜਿਹੜੇ ਲੋਕ ਦੁੱਧ ਚੋਣ ਤੋਂ ਬਾਅਦ ਪਸ਼ੂਆਂ ਨੂੰਆਵਾਰ ਛੱਡ ਦਿੰਦੇ ਹਨ, ਉਨ੍ਹਾਂ ਤੇ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਡੇਅਰੀ, ਸਿਹਤ ਅਤੇ ਫ਼ੂਡ ਸੇਫ਼ਟੀ ਵਿਭਾਗ ਦੇ ਅਧਿਕਾਰੀਆਂ ਨੂੰ ਸਾਂਝੇ ਤੌਰ ‘ਤੇ ਦੁੱਧ ਦਾ ਮਿਆਰ ਚੈੱਕ ਕਰਨ ਲਈ ਸਾਂਝੇ ਤੌਰ ‘ਤੇ ਛਾਪੇਮਾਰੀ ਕਰਨ ਦੀ ਹਦਾਇਤ ਦਿੱਤੀ। ਫ਼ੂਡ ਸੇਫ਼ਟੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਥਾਵਾਂ ‘ਤੇ 28 ਦੋਧੀਆਂ ਨੂੰ ਰੋਕ ਕੇ ਦੁੱਧ ਦੀ ਜਾਂਚ ਕੀਤੀ ਗਈ ਅਤੇ ਸਾਰੇ ਟੈਸਟ ਮਿਆਰ ਤੋਂ ਥੱਲੇ ਪਾਏ ਗਏ। ਡਿਪਟੀ ਕਮਿਸ਼ਨਰ ਨੇ ਫ਼ੂਡ ਸੇਫ਼ਟੀ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਿਥੇ ਦੁੱਧ ਟੈਸਟਿੰਗ ਮੁਹਿੰਮ ਤੇਜ਼ ਕਰਨ ਲਈ ਕਿਹਾ, ਉਥੇ ਤਿਉਹਾਰਾਂ ਦੇ ਸੀਜ਼ਨ ਦੇ ਸਨਮੁਖ ਬਾਜ਼ਾਰਾਂ ਵਿੱਚ ਮਿਲਾਵਟੀ ਮਠਿਆਈਆਂ ਤੇ ਹੋਰ ਖ਼ੁਰਾਕੀ ਵਸਤਾਂ ਵਿਕਣ ਤੋਂ ਰੋਕਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮਿਲਾਵਟੀ ਵਸਤਾਂ ਦੀ ਵਿਕਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡੇਂਗੂ ਦੇ ਮਾਮਲਿਆਂ ਸਬੰਧੀ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ‘ਚ ਕਿਹਾ ਕਿ ਲਾਰਵੇ ਦੀ ਘਰ-ਘਰ ਜਾ ਕੇ ਰੋਜ਼ਾਨਾ ਜਾਂਚ ਕੀਤੀ ਜਾਵੇ ਅਤੇ ਬਚਾਲ ਲਈ ਜਾਗਰੂਕਤਾ ਮੁਹਿੰਮ ਹੋਰ ਤੇਜ਼ ਕੀਤੀ ਜਾਵੇ ਤਾਂ ਜੋ ਡੇਂਗੂ ਦੇ ਹੋਰ ਮਾਮਲੇ ਸਾਹਮਣੇ ਨਾ ਆ ਸਕਣ। ਇਸੇ ਤਰ੍ਹਾਂ ਉਨ੍ਹਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਵਾਟਰ ਵਰਕਸਾਂ ਦੀ ਸਫ਼ਾਈ ਤੇ ਕਲੋਰੀਨੇਸ਼ਨ ਕਰਨ ਅਤੇ ਬੰਦ ਪਏ ਆਰ.ਓਜ਼. ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਚਾਲੂ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਨਮੁਖ ਇੱਕ ਸਾਲ ਦਰਮਿਆਨ ਹਰ ਪਿੰਡ ਵਿੱਚ 550 ਬੂਟੇ ਲਾਉਣ ਦਾ ਟੀਚਾ ਹਰ ਹੀਲੇ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 5 ਪਿੰਡਾਂ ਵਿੱਚ ਇਹ ਟੀਚਾ ਹਾਸਲ ਕਰ ਲਿਆ ਗਿਆ।
ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਨਿਗਰਾਨ ਅਫ਼ਸਰਾਂ ਦੀ ਪਿੰਡਾਂ ਤੱਕ ਪਹੁੰਚ ਯਕੀਨੀ ਬਣਾਏ ਜਾਵੇ ਅਤੇ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਿਰੰਤਰ ਸੈਮੀਨਾਰ ਅਤੇ ਰੈਲੀਆਂ ਕੀਤੀਆਂ ਜਾਣ। ਉਨ੍ਹਾਂ ਖ਼ਾਸ ਕਰਕੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕੱਚੇ ਸ਼ੈਲਰਾਂ ਦੀ ਚੈਕਿੰਗ ਕਰਨ ਸਣੇ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਬਾਇਉ ਮੈਡੀਕਲ ਰਹਿੰਦ-ਖੂੰਹਦ ਪ੍ਰਬੰਧਨ ਯਕੀਨੀ ਬਣਾਉਣ ਲਈ ਨਿਰੰਤਰ ਚੈਕਿੰਗ ਕਰਨ। ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਨਾ ਵਰਤਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਨਵੰਬਰ ਮਹੀਨੇ ਤੋਂ ਜ਼ਿਲ੍ਹੇ ਵਿੱਚ ਪਲਸਾਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਗਲਣਯੋਗ ਲਿਫ਼ਾਫ਼ੇ ਵਰਤਣ ਸਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲਾਂ ਵਿੱਚ ਸਵੇਰ ਦੀ ਸਭਾ, ਸਰੀਰਕ ਅਭਿਆਸ, ਸਫ਼ਾਈ ਅਤੇ ਖੇਡਾਂ ਦੀ ਪਿਰਤ ਬਣਾਈ ਰੱਖਣ ਲਈ ਨਿਰੰਤਰ ਚੈਕਿੰਗ ਕਰਦੇ ਰਹਿਣ ਦੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵਿਦਿਆਰਥੀਆਂ ਦੀ ਖੇਡਾਂ ਵਿੱਚ ਸ਼ਮੂਲੀਅਤ ਹੋਰ ਵਧਾਈ ਜਾਵੇ। ਇਸੇ ਤਰ੍ਹਾਂ ਉਨ੍ਹਾਂ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫਲਾਂ ਨੂੰ ਕੁਦਰਤੀ ਤਰੀਕੇ ਨਾਲ ਪਕਾਉਣ ਸਬੰਧੀ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰੱਖੀ ਜਾਵੇ ਤਾਂ ਜੋ ਕੈਲਸ਼ੀਅਮ ਕਾਰਬਾਈਡ ਅਤੇ ਹੋਰ ਮਾਰੂ ਕੈਮੀਕਲਾਂ ਨਾਲ ਪਕਾਏ ਗਏ ਫਲ ਅਤੇ ਸਬਜ਼ੀਆਂ ਖੁਆ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਸਾਂਝੇ ਤੌਰ ‘ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਿਸ਼ਨਰੀ ਤੇ ਸਮਰਪਿਤ ਭਾਵਨਾ ਨਾਲ ਕੰਮ ਕਰਦਿਆਂ ਆਪਣੀਆਂ ਗਤੀਵਿਧੀਆਂ ਦਾ ਘੇਰਾ ਵਧਾਉਣ ਦੇ ਨਾਲ-ਨਾਲ ਹੋਰ ਤੇਜ਼ ਕਰਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦੀ ਕਾਰਵਾਈ ਰਿਪੋਰਟ ਤੰਦਰੁਸਤ ਪੰਜਾਬ ਮਿਸ਼ਨ ਦੇ ਜ਼ਿਲ੍ਹਾ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਉਪ ਅਰਥ ਤੇ ਅੰਕੜਾ ਅਫ਼ਸਰ ਦੇ ਦਫ਼ਤਰ ਵਿਖੇ ਭੇਜੀ ਜਾਵੇ। ਸਮਾਜ ਦੀ ਬਿਹਤਰੀ ਦੀਆਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਤੋਂ ਟਾਲਾ ਵੱਟਣ ਵਾਲੇ ਅਧਿਕਾਰੀਆਂ ਨੂੰ ਉਨ੍ਹਾਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨ ਲਈ ਸੁਚੇਤ ਕੀਤਾ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗਾਂ ਵੱਲੋਂ ਸੌਂਪੇ ਗਏ ਐਕਸ਼ਨ ਪਲਾਨ ਨੂੰ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਆਪਣੀਆਂ ਗਤੀਵਿਧੀਆਂ ਤਸਵੀਰਾਂ ਸਮੇਤ ਸਬੰਧਤ ਨੋਡਲ ਦਫ਼ਤਰਾਂ ਨੂੰ ਭੇਜੀਆਂ ਜਾਣ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਿਆ ਡਚਲਵਾਲ, ਕਨਵੀਨਰ ਮਿਸ਼ਨ ਤੰਦਰੁਸਤ ਪੰਜਾਬ ਅਤੇ ਉਪ ਅਰਥ ਤੇ ਅੰਕੜਾ ਸਲਾਹਕਾਰ ਸ੍ਰੀ ਬਹਾਦਰ ਸਿੰਘ ਸਿੱਧੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਰਵੀ ਪਾਲ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।


EDITED BY : SARA YAHA | | Last Updated : 7:08 pm 18 October 2018

LEAVE A REPLY

Please enter your comment!
Please enter your name here