

ਮਾਨਸਾ, 1 ਅਗਸਤ(ਸਾਰਾ ਯਹਾ,(ਬਲਜੀਤ ਸ਼ਰਮਾ) : ਜ਼ਿਲ੍ਹਾ ਮਾਨਸਾ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 1.43 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੇ ਸਾਲਾਨਾ ਇਲਾਜ਼ ਮੁਫ਼ਤ ਕਰਵਾਉਣ ਦੀ ਸਹੂਲਤ ਮਿਲੇਗੀ ਅਤੇ ਇਸ ਸਕੀਮ ਤਹਿਤ ਲੋਕ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਵਿੱਚ ਆਪਣਾ ਇਲਾਜ਼ ਮੁਫ਼ਤ ਕਰਵਾ ਸਕਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਅੱਜ ਜ਼ਿਲ੍ਹਾ ਹਸਪਤਾਲ ਮਾਨਸਾ ਵਿਖੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੁਝ ਲਾਭਪਾਤਰੀਆਂ ਨੂੰ ਈ-ਕਾਰਡ ਵੰਡਣ ਦੀ ਸ਼ੁਰੂਆਤ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਹੋਣ ਦੀ ਸੂਰਤ ਵਿੱਚ ਹਰ ਸਾਲ ਪੰਜੀਕ੍ਰਿਤ ਪਰਿਵਾਰ ਲਈ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ਼ ਹੋਵੇਗਾ। ਉਨ੍ਹਾਂ ਦੱਸਿਆ ਕਿ ਸੂਚੀਬੱਧ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਸਿਹਤ ਸੇਵਾਵਾਂ ਲੈਣ ਲਈ ਲਾਭਪਾਤਰੀ ਬੀ.ਈ.ਸੀ.ਸੀ. (ਸ਼ੋਸ਼ਲ ਇਕਨਾਮਿਕ ਐਂਡ ਕਾਸਟ ਸੈਂਸਜ਼) ਡਾਟਾ ਵਿੱਚ ਸ਼ਾਮਿਲ ਪਰਿਵਾਰ, ਨੀਲੇ ਰਾਸ਼ਨ ਕਾਰਡ ਧਾਰਕ ਪਰਿਵਾਰ, ਛੋਟੇ ਵਪਾਰੀ, ਕਿਸਾਨ ਪਰਿਵਾਰ (ਜੇ.ਫਾਰਮ ਹੋਲਡਰ), ਕਿਰਤ ਵਿਭਾਗ, ਪੰਜਾਬ ਕੋਲ ਪੰਜੀਕ੍ਰਿਤ ਉਸਾਰੀ ਕਾਮੇ ਹੋਣਗੇ। ਇਸ ਮੌਕੇ ਬੋਲਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਕਿਹਾ ਕਿ ਲਾਭਪਾਤਰੀ ਆਪਣਾ ਨਾਮ ਸੂਚੀ ਵਿੱਚ ਜਾਂਚਣ ਲਈ ਅਤੇ ਈ-ਕਾਰਡ ਬਣਾਉਣ ਲਈ ਸੂਚੀ ਵਿੱਚ ਆਪਣਾ ਨਾਮ ਜਾਂਚਣ ਲਈ ਵੈਬਸਾਈਟ www.shapunjab.in ‘ਤੇ ਜਾਣ, ਨਜ਼ਦੀਕੀ ਕਾਮਨ ਸਰਵਿਸ ਸੈਂਟਰ ਨਾਲ ਸੰਪਰਕ ਕਰਨ, ਸੂਚੀਬੱਧ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਵਿੱਚ ਅਰੋਗਿਆ ਮਿੱਤਰ ਨਾਲ ਸੰਪਰਕ ਕਰਨ ਅਤੇ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 104 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਇੰਦਰ ਜੀਤ ਸਿੰਘ ਨੇ ਦੱਸਿਆ ਕਿ ਯੋਗ ਲਾਭਪਾਤਰੀ

ਈ-ਕਾਰਡ ਬਣਾਉਣ ਲਈ ਆਪਣੀ ਯੋਗਤਾ ਅਨੁਸਾਰ ਦਸਤਾਵੇਜ਼ ਜ਼ਰੂਰ ਲੈ ਕੇ ਜਾਣ, ਜਿਨ੍ਹਾਂ ਵਿੱਚੋਂ ਆਧਾਰ ਕਾਰਡ, ਰਾਸ਼ਨ ਕਾਰਡ, ਵਿਅਕਤੀਗਤ ਪੈਨ ਕਾਰਡ (ਛੋਟੇ ਵਪਾਰੀ, ਪੰਜੀਕ੍ਰਿਤ ਉਸਾਰੀ ਕਾਮੇ ਵਿਭਾਗ ਵੱਲੋਂ ਜਾਰੀ ਕਾਰਡ ਆਦਿ ਸ਼ਾਮਿਲ ਹਨ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਤਰਲੋਚਨ ਸਿੰਘ, ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਨਿਸ਼ੀ ਸੂਦ, , ਡਾ. ਕੰਵਲਦੀਪ ਬਰਾੜ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ਼੍ਰੀ ਅਵਤਾਰ ਸਿੰਘ, ਬਲਾਕ ਐਕਟੈਂਸ਼ਨ ਐਜੂਕੇਟਰ ਸ਼੍ਰੀ ਹਰਬੰਸ ਲਾਲ, ਬੀ.ਸੀ.ਸੀ. ਫੈਸਲੀਟੇਟਰ ਰਾਜਵੀਰ ਕੌਰ, ਸ਼੍ਰੀ ਮਨੋਜ ਕੁਮਾਰ ਜਸਵਾਲ ਅਤੇ ਸ਼੍ਰੀ ਦਰਸ਼ਨ ਸਿੰਘ ਫਾਰਮਾਸਿਸ਼ਟ ਮੌਜੂਦ ਸਨ।























