ਸਰਕਾਰ ਅਤੇ ਸਬੰਧਤ ਮਹਿਕਮਾ ਥਰਮਲ ਵੱਲੋਂ ਹੁੰਦੇ ਪ੍ਰਦੂਸ਼ਣ ਤੋਂ ਨਿਜਾਤ ਦਿਵਾਏ

0
26

ਮਾਨਸਾ ,(ਸਾਰਾ ਯਹਾ,(ਬਲਜੀਤ ਸ਼ਰਮਾ) 21 ਅਪ੍ਰੈਲ  BPSਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਦੀਆਂ ਚਿਮਨੀਆਂ ਚੋਂ ਨਿਕਲ ਰਹੇ ਧੂੰਏ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਕਰਮਗੜ੍ਹ ਔਤਾਂਵਾਲੀ ਦੇ ਨੌਜਵਾਨ ਦੀਪ ਸਿੰਘ ਅਕਾਲੀ,  ਕੁਲਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਤੇ ਪਿੰਡ ਰਾਏਪੁਰ ਦੇ ਜਗਦੀਪ ਸਿੰਘ, ਅਜੈਬ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਥਰਮਲ ਪਲਾਂਟ ਲੱਗਣ ਸਮੇਂ ਪ੍ਰਸ਼ਾਸਨ, ਕੰਪਨੀ ਅਤੇ ਸਰਕਾਰ ਨੇ ਨੇੜਲੇ ਪਿੰਡਾਂ ਦੇ ਲੋਕਾਂ ਨਾਲ ਵਾਧਾ ਕੀਤਾ ਸੀ ਕਿ ਇਹ ਪਾਵਰ ਪਲਾਂਟ ਪ੍ਰਦੂਸ਼ਣ ਰਹਿਤ ਹੋਵੇਗਾ ਪਰ ਇਸ ਪਾਵਰ ਪਲਾਂਟ ਦੁਆਰਾ ਛੱਡੇ ਗਏ ਧੂੰਏ ਨਾਲ ਨੇੜਲੇ ਪਿੰਡਾਂ ਦੀਆਂ ਫਸਲਾਂ , ਪਸ਼ੂ ਪੰਛੀਆਂ ਅਤੇ ਮਨੁੱਖੀ ਸਿਹਤ ਤੇ ਕਾਫ਼ੀ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਦੀਆਂ ਚਿਮਨੀਆਂ ਵੱਲੋਂ ਛੱਡੇ ਗਏ ਧੂੰਏ ਕਾਰਨ ਹੋਏ ਨੁਕਸਾਨ ਦੀਆਂ ਪਹਿਲਾਂ ਵੀ ਕਈ ਵਾਰ ਵੱਖ ਵੱਖ ਅਖ਼ਬਾਰਾਂ ਚ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ। ਜਿਸ ਕਰਕੇ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਥੋੜ੍ਹੀ ਸਖ਼ਤੀ ਕੀਤੀ ਗਈ ਸੀ ਪਰ ਹੁਣ ਫੇਰ ਥਰਮਲ ਵੱਲੋਂ ਸ਼ਰੇਆਮ ਧੂੰਆਂ ਵਾਤਾਵਰਨ ਵਿੱਚ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਨੇੜਲੇ ਪਿੰਡਾਂ ਦੀਆਂ  ਫ਼ਸਲਾਂ’ ਪਸ਼ੂ-ਪੰਛੀਆਂ ਅਤੇ ਮਨੁੱਖੀ ਜ਼ਿੰਦਗੀ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਅਸੀਂ ਕਈ ਵਾਰ ਥਰਮਲ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਇਸ ਸਮੱਸਿਆ ਦਾ ਕੋਈ ਵੀ ਪੱਕਾ ਹੱਲ ਨਹੀਂ ਕੀਤਾ ਗਿਆ। ਪ੍ਰਦੂਸ਼ਣ ਫੈਲਣ ਨਾਲ ਨੇੜਲੇ ਪਿੰਡਾਂ ਵਿੱਚ ਕਈ ਤਰ੍ਹਾਂ ਦੇ ਭਿਆਨਕ ਰੋਗਾਂ ਵਿੱਚ ਵਾਧਾ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਪਾਵਰ ਪਲਾਂਟ ਵੱਲੋਂ ਲਗਾਏ ਜਾਂਦੇ ਪਿੰਡਾਂ ਵਿੱਚ ਮੈਡੀਕਲ ਕੈਂਪ ਵੀ ਇੱਕ ਖਾਨਾ-ਪੂਰਤੀ ਹੀ ਕੀਤੀ ਜਾਂਦੀ ਹੈ। ਕੈਂਪਾਂ ਦੌਰਾਨ ਕਿਸੇ ਵੀ ਮਰੀਜ਼ ਦੇ ਕੋਈ ਟੈਸਟ ਨਹੀਂ ਕੀਤੇ ਜਾਂਦੇ ਸਿਰਫ ਬੁਖਾਰ ਜ਼ਕਾਮ ਦੀਆਂ ਹੀ ਗੋਲੀਆਂ ਦੇ ਕੇ ਬੁੱਤਾ ਸਾਰਿਆ ਜਾਂਦਾ ਹੈ । ਉਨ੍ਹਾਂ ਸਿਵਲ ਅਤੇ ਪੁਲਸ ਪ੍ਰਸ਼ਾਸਨ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਬੰਧਤ ਕੰਪਨੀ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਥਰਮਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਤਾਂ ਕਿ ਮਨੁੱਖੀ ਸਿਹਤ ਦੇ ਨਾਲ ਨਾਲ ਪੇੜ ਪੌਦਿਆਂ ਅਤੇ ਜੀਵ ਜੰਤੂਆਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾ ਸਕੇ । ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਉਹ ਦੂਸਰੇ ਪਿੰਡਾਂ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । ਇਸ ਸਬੰਧੀ ਜਦੋਂ ਥਰਮਲ ਪਲਾਂਟ ਦੇ ਅਧਿਕਾਰੀਆਂ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਕਿਸੇ ਨੇ ਵੀ ਫੋਨ ਚੁੱਕਣਾ ਉਚਿਤ ਹੀ ਨਹੀਂ ਸਮਝਿਆ

LEAVE A REPLY

Please enter your comment!
Please enter your name here