

ਮਾਨਸਾ, 24 ਮਈ (ਹੀਰਾ ਸਿੰਘ ਮਿੱਤਲ ) : ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵੱਲੋਂ ਸਰਕਾਰੀ ਹਾਈ ਸਕੂਲ ਬੋੜਾਵਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਾਊਂਸਲਰ ਸ਼੍ਰੀ ਰਜਿੰਦਰ ਕੁਮਾਰ ਨੇ ਯੌਨ ਸੋਸ਼ਣ ਖਿਲਾਫ ਬਣੇ ਪੋਕਸੋ ਐਕਟ 2012 ਸਬੰਧੀ ਦੱਸਦਿਆਂ ਕਿਹਾ ਕਿ 18 ਸਾਲ ਤੋ ਘੱਟ ਉਮਰ ਦੇ ਬੱਚਿਆਂ ਨਾਲ ਛੇੜਛਾੜ ਕਾਨੂੰਨੀ ਅਪਰਾਧ ਹੈ, ਜਿਸ ਬਾਰੇ ਮਾਪਿਆਂ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ।
ਉਨ੍ਹਾਂ ਬਾਲ ਮਜਦੂਰੀ ਸਬੰਧੀ ਬੋਲਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ, ਫੈਕਟਰੀ ਮਾਲਕ, ਹੋਟਲ ਜਾਂ ਢਾਬੇ ‘ਤੇ 14 ਸਾਲ ਤੋ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਂਦਾ ਹੈ, ਤਾਂ ਉਹ ਬਾਲ ਮਜਦੂਰੀ ਕਾਨੂੰਨ ਦੇ ਅਧਿਕਾਰਾਂ ਦੀ ਉਲੰਘਣਾਂ ਕਰ ਰਿਹਾ ਹੈ। ਇਸ ਮੌਕੇ ਸ਼੍ਰੀ ਰਜਿੰਦਰ ਨੇ ਸਟਰੀਟ ਚਿਲਡਰਨ (ਭੀਖ ਮੰਗਣ, ਕੂੜਾ ਚੁੱਕਣ ਵਾਲੇ ਬੱਚੇ ਆਦਿ) ਖਤਰੇ ਦੇ ਪੱਧਰ ਹੇਠ ਆਉਂਦੇ ਪਰਿਵਾਰ ਦੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸ਼ੋਸ਼ਲ ਵਰਕਰ ਸ਼੍ਰੀ ਭੂਸ਼ਣ ਲਾਲ ਨੇ ਹੋਲੀ ਹਾਰਟ ਸਕੂਲ ਮਾਨਸਾ ਅਤੇ ਸਰਦੂਲਗੜ ਵਿਖੇ ਅਣਚਾਹੇ ਤੇ ਦੁਰਕਾਰੇ ਬੱਚਿਆਂ ਲਈ ਖੋਲੇ ਗਏ ਪੰਘੂੜੇ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਲਗਾਏ ਗਏ ਕੈਂਪ ਦੌਰਾਨ ਸਕੂਲ ਇੰਚਾਰਜ ਕਰਮਜੀਤ ਕੌਰ, ਨੀਤੂ ਚੌਹਾਂਨ, ਕਿਰਨ ਬਾਲਾ, ਸੇਵਾ ਸਿੰਘ, ਅਮਨਦੀਪ ਕੌਰ, ਸੁਖਚੈਨ ਸਿੰਘ, ਗੁਰਪ੍ਰੀਤ ਕੌਰ, ਜਤਿੰਦਰ ਕੌਰ, ਸਿਮਰਨ, ਭੂਸ਼ਨ ਲਾਲ ਅਤੇ ਸਕੂਲ ਦੇ ਵਿਦਿਆਰਥੀ ਹਾਜਰ ਸਨ।
EDITED BY : SARA YAHA | | Last Updated : 24 May 2018






















