

ਮਾਨਸਾ, 10 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ) : ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸੂਬੇ ਭਰ ਦੇ ਸਫ਼ਾਈ ਸੇਵਕਾਂ ਦੇ ਹਿੱਤਾਂ ਵਿੱਚ ਕੰਮ ਕਰਨ ਲਈ ਵਚਨਬੱਧ ਹੈ ਤਾਂ ਜੋ ਸਮਾਜ ਦੇ ਇਸ ਵਰਗ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦਿੱਤੀਆਂ ਜਾ ਸਕਣ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਪੰਜਾਬ ਸਰਕਾਰ ਸਫਾਈ ਕਰਮਚਾਰੀ ਕਮਿਸ਼ਨ ਸ਼੍ਰੀ ਗੇਜਾ ਰਾਮ ਵਾਲਮੀਕਿ ਨੇ ਅੱਜ ਬੱਚਤ ਭਵਨ ਵਿਖੇ ਜਿ਼ਲ੍ਹੇ ਦੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਫ਼ਾਈ ਸੇਵਕਾਂ ਨਾਲ ਮੀਟਿੰਗ ਦੌਰਾਨ ਕੀਤਾ। ਚੇਅਰਮੈਨ ਸ਼੍ਰੀ ਗੇਜਾ ਰਾਮ ਵਾਲਮੀਕਿ ਅੱਜ ਮਾਨਸਾ ਵਿਖੇ ਸਫ਼ਾਈ ਸੇਵਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਾਨਸਾ ਵਿਖੇ ਪੰਹੁਚੇ।ਇਸ ਮੌਕੇ ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਪੂਰੇ ਸੂਬੇ ਵਿੱਚ ਇਸ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਮੀਟਿੰਗਾਂ ਉਪਰੰਤ ਇਸ ਸਬੰਧੀ ਰਿਪੋਰਟ ਮੁੱਖ ਮੰਤਰੀ ਪੰਜਾਬ ਨੂੰ ਸੌਂਪੀ ਜਾਵੇਗੀ।
ਚੇਅਰਮੈਨ ਨੇ ਮੀਟਿੰਗ ਦੌਰਾਨ ਨਗਰ ਕੌਂਸਲਾਂ, ਨਗਰ ਪੰਚਾਇਤਾਂ, ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ—ਆਪਣੇ ਵਿਭਾਗਾਂ ਵਿੱਚ ਸਫਾਈ ਸੇਵਕਾਂ ਦੀ ਜਿੰਨੀ ਜ਼ਰੂਰਤ ਹੈ ਉਸ ਸਬੰਧੀ ਰਚਨਾ ਤਿਆਰ ਕਰਕੇ ਤੁਰੰਤ ਰਿਪੋਰਟ ਭੇਜਣ, ਤਾਂ ਜੋ ਸਹੀ ਗਿਣਤੀ ਵਿੱਚ ਉਨ੍ਹਾਂ ਦੀਆਂ ਨਿਯੁਕਤੀਆਂ ਕਰਵਾਈਆਂ ਜਾ ਸਕਣ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਸਰਕਾਰ ਦੀ ਘਰ—ਘਰ ਰੁਜ਼ਗਾਰ ਯੋਜਨਾ ਨੂੰ ਹੋਰ ਵੀ ਹੁੰਗਾਰਾ ਮਿਲੇਗਾ।
ਸ਼੍ਰੀ ਗੇਜਾ ਰਾਮ ਵਾਲਮੀਕਿ ਨੇ ਕਿਹਾ ਕਿ ਸਫ਼ਾਈ ਸੇਵਕਾਂ ਦਾ ਕੰਮ ਬਹੁਤ ਹੀ ਔਖਾ ਅਤੇ ਸੰਘਰਸ਼ ਭਰਪੂਰ ਹੁੰਦਾ ਹੈ।ਉਨ੍ਹਾਂ ਕਾਰਜ ਸਾਧਕ ਅਫਸ਼ਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਦੀ ਯੋਜਨਾਬੰਦੀ ਦੇ ਮੁਤਾਬਿਕ ਉਹ ਪੋਸਟਾਂ ਦੀ ਪ੍ਰਵਾਨਗੀ ਦੀ ਮੰਗ ਕਰਨ, ਤਾਂ ਜੋ ਸਫ਼ਾਈ ਸੇਵਕਾਂ ਦੀ ਸਿੱਧੀ ਭਰਤੀ ਕਰਵਾਈ ਜਾ ਸਕੇ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਫ਼ਾਈ ਸੇਵਕ ਦੀ ਡਿਊਟੀ ਦੌਰਾਨ ਮੌਤ ਹੋਈ ਹੈ ਤਾਂ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਦਿਵਾਉਣ ਵਿੱਚ ਦੇਰੀ ਨਾ ਕੀਤੀ ਜਾਵੇ।ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਵੀ ਵਸੋਂ ਦੇ ਹਿਸਾਬ ਨਾਲ ਸਫ਼ਾਈ ਸੇਵਕਾਂ ਨੂੰ ਨਿਯੁਕਤ ਕੀਤਾ ਜਾਵੇ।
ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਨੇ ਕਿਹਾ ਕਿ ਸਫ਼ਾਈ ਸੇਵਕ ਨੂੰ ਸੀਵਰੇਜ਼ ਜਾਂ ਹੋਰ ਕਈ ਥਾਵਾਂ ਤੋਂ ਗੰਦਗੀ ਨੂੰ ਚੁੱਕਣਾ ਪੈਂਦਾ ਹੈ ਇਸ ਲਈ ਹਰ 3 ਮਹੀਨੇ ਬਾਅਦ ਉਨ੍ਹਾਂ ਦੀ ਸਿਹਤ ਜਾਂਚ ਕਰਵਾਈ ਜਾਵੇ।ਇਸ ਤੋਂ ਇਲਾਵਾ ਕਈ ਵਾਰ ਬਰਸਾਤ ਦੇ ਦਿਨਾਂ ਵਿੱਚ ਜਾਂ ਕੰਮ ਦੌਰਾਨ ਉਨ੍ਹਾਂ ਨੂੰ ਕਪੜੇ ਬਦਲਣ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਲਈ ਚੇਜਿੰਗ ਰੂਮ (ਜਿੱਥੇ ਕਪੜੇ ਬਦਲੇ ਜਾਣ) ਦਾ ਵੀ ਪ੍ਰਬੰਧ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁੰਦਰ ਦਿੱਖ ਲਈ ਸਫ਼ਾਈ ਸੇਵਕਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ਇਸ ਲਈ ਸਫ਼ਾਈ ਸੇਵਕਾਂ ਨਾਲ ਬਰਾਬਰਤਾ ਵਾਲਾ ਵਿਤਕਰਾ ਅਪਣਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ।ਉਨ੍ਹਾਂ ਐਕਸੀਅਨ ਸੀਵਰੇਜ ਬੋਰਡ ਨੂੰ ਹਦਾਇਤ ਕੀਤੀ ਕਿ ਜਿ਼ਲ੍ਹੇ ਅੰਦਰ ਜਿੱਥੇ ਵੀ ਸੀਵਰੇਜ਼ ਓਵਰਫਲੋ ਜਾਂ ਇਸ ਸਬੰਧੀ ਕੋਈ ਹੋਰ ਸਮੱਸਿਆ ਹੈ ਉਸਨੂੰ ਤੁਰੰਤ ਠੀਕ ਕਰਵਾਇਆ ਜਾਵੇ।
ਇਸ ਮੌਕੇ ਵਾਈਸ ਚੇਅਰਮੈਨ ਪੰਜਾਬ ਸਰਕਾਰ ਸਫ਼ਾਈ ਕਰਮਚਾਰੀ ਕਮਿਸ਼ਨ ਸ਼੍ਰੀ ਰਾਮ ਸਿੰਘ ਸਰਦੂਲਗੜ੍ਹ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਜਿ਼ਲ੍ਹਾ ਭਲਾਈ ਅਫ਼ਸਰ ਸ਼੍ਰੀ ਜਗਸੀਰ ਸਿੰਘ, ਕਾਂਗਰਸੀ ਆਗੂ ਡਾ. ਮਨੋਜ ਬਾਲਾ ਮੰਜੂ ਬਾਂਸਲ, ਮੈਂਬਰ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸ਼੍ਰੀ ਇੰਦਰਜੀਤ ਸਿੰੰਘ, ਉਪ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ ਭਾਰਤ ਸ਼੍ਰੀ ਰਣਜੀਤ ਸਿੰਘ ਨਾਗਰਾ, ਐਡਵੋਕੇਟ ਰਾਹੁਲ ਆਦੀਆ, ਸ਼੍ਰੀ ਗੁਰਪ੍ਰੀਤ ਧਲੇਵਾਂ ਅਤੇ ਸ਼੍ਰੀ ਦਲਬੀਰ ਸੰਧੂ ਸਰਦੂਲਗੜ੍ਹ ਤੋਂ ਇਲਾਵਾ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਫ਼ਾਈ ਸੇਵਕ ਮੌਜੂਦ ਸਨ।























