

04 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ “ਏਕ ਭਾਰਤ ਸ੍ਰੇਸ਼ਟ ਭਾਰਤ” ਅਧੀਨ ਆਂਧਰਾ ਪ੍ਰਦੇਸ਼ ਦੇ ਸੱਭਿਆਚਾਰ ‘ਤੇ ਅਧਾਰਿਤ ਜਿਲਾ ਪੱਧਰੀ ਲੋਕ ਨਾਚ ਅਤੇ ਚਿੱਤਰਕਾਰੀ ਦੇ ਮੁਕਾਬਲੇ ਰੋਇਲ ਗਰੁੱਪ ਆਫ ਕਾਲਜ ਬੋੜਾਵਾਲ ਵਿਖੇ ਕਰਵਾਏ ਗਏ। ਇਹ ਮੁਕਾਬਲੇ ਮੁੱਖ ਰੂਪ ਵਿੱਚ ਦੋ ਵਰਗਾਂ ਵਿੱਚ ਜੂਨੀਅਰ ਵਰਗ ਛੇਵੀਂ ਤੋਂ ਅੱਠਵੀਂ ਕਲਾਸ ਅਤੇ ਸੀਨੀਅਰ ਵਰਗ ਨੌਵੀਂ ਤੋਂ ਬਾਰਵੀਂ ਕਲਾਸ ਦੇ ਕਰਵਾਏ ਗਏ। ਇਹਨਾਂ ਜ਼ਿਲਾ ਪੱਧਰੀ ਪੱਧਰੀ ਲੋਕ ਨਾਚ ਅਤੇ ਚਿੱਤਰਕਾਰੀ ਮੁਕਾਬਲਿਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਪੰਜੇ ਬਲਾਕਾਂ ਦੇ ਵੱਖ-ਵੱਖ ਸਕੂਲਾਂ ਦੇ ਛੇਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਦੀਆਂ ਵਿਦਿਆਰਥਣਾ ਵੱਲੋਂ ਇਹਨਾਂ ਚਾਰੋਂ ਮੁਕਾਬਲਿਆਂ ਵਿੱਚ ਪੂਰੀ ਤਿਆਰੀ ਦੇ ਨਾਲ ਭਾਗ ਲਿਆ ਗਿਆ। ਸਕੂਲ ਦੇ ਸਟੇਟ ਅਵਾਰਡੀ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੇ ਦੱਸਿਆ ਕਿ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ ਲੋਕ ਨਾਚ ਦੇ ਜੂਨੀਅਰ ਗਰੁੱਪ ਵਿੱਚੋਂ ਪਹਿਲਾ ਸਥਾਨ, ਵਿਦਿਆਰਥਣ ਚਾਂਦਨੀ ਨੇ ਲੋਕ ਨਾਚ ਦੇ ਸੀਨੀਅਰ ਗਰੁੱਪ ਵਿੱਚੋਂ ਦੂਸਰਾ ਸਥਾਨ ਅਤੇ ਵਿਦਿਆਰਥਣ ਸ਼ਰਨਜੀਤ ਕੌਰ ਨੇ ਚਿੱਤਰਕਾਰੀ ਦੇ ਸੀਨੀਅਰ ਗਰੁੱਪ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਪਿਛਲੇ ਦਿਨੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਜਿਲਾ ਪੱਧਰੀ ਲੇਖ ਲਿਖਣ ਮੁਕਾਬਲੇ ਵਿੱਚੋਂ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸੁਹਾਨੀ ਗਰਗ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਅੱਜ ਸਵੇਰ ਦੀ ਸਭਾ ਵਿੱਚ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ, ਗਾਈਡ ਅਧਿਆਪਕ ਡਾ। ਵਿਨੋਦ ਮਿੱਤਲ ਅਤੇ ਦੂਸਰੇ ਅਧਿਆਪਕਾਂ ਵੱਲੋਂ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸ਼ੀਲਡ ਦੇ ਕੇ ਮੰਚ ਤੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਤੋਂ ਸੰਬੋਧਨ ਕਰਦੇ ਹੋਏ ਸਕੂਲ ਦੇ ਇਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦਾ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ, ਉਹਨਾਂ ਦੇ ਸਰਵਪੱਖੀ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ। ਸਟੇਟ ਅਵਾਰਡੀ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਵਿਦਿਅਕ, ਸੱਭਿਆਚਾਰਕ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਬਲਾਕ ਪੱਧਰ ਤੋਂ ਲੈ ਕੇ ਜਿਲਾ ਪੱਧਰ ਤੱਕ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਇਸ ਸਨਮਾਨ ਸਮਾਰੋਹ ਮੌਕੇ ਸ਼੍ਰੀਮਤੀ ਗੁਰਸਿਮਰ ਕੌਰ, ਪਰਮਜੀਤ ਕੌਰ, ਪੁਨੀਤਇੰਦਰ ਕੌਰ, ਜੋਤੀ ਵਰਮਾ ਅਤੇ ਦੂਸਰੇ ਅਧਿਆਪਕ ਹਾਜ਼ਰ ਸਨ























