

ਚੰਡੀਗੜ੍ਹ (ਸਾਰਾ ਯਹਾ) : ਪੰਜਾਬ ਸਰਕਾਰ ਨੇ ਵਿਧਾਇਕਾਂ ਨੂੰ ਗੱਫਿਆਂ ਲਈ ਰਾਹ ਮੋਕਲਾ ਕਰ ਲਿਆ ਹੈ। ਮੰਤਰੀ ਮੰਡਲ ਨੇ ਪੰਜਾਬ ਸਟੇਟ ਲੈਜੀਸਲੇਚਰ (ਪ੍ਰੀਵੈਂਸ਼ਨ ਆਫ ਡਿਸਕੁਆਲੀਫਿਕੇਸ਼ਨ) ਐਕਟ, 1952 ਵਿੱਚ ਕੁਝ ਮਹੱਤਵਪੂਰਨ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਵਿਧਾਇਕਾਂ ਲਈ ‘ਲਾਭ ਦੇ ਅਹੁਦੇ’ ਦੀਆਂ ਹੋਰ ਕਈ ਨਵੀਆਂ ਸ਼੍ਰੇਣੀਆਂ ਆਪਣੇ ਕੋਲ ਰੱਖਣ ਲਈ ਰਾਹ ਪੱਧਰਾ ਹੋ ਗਿਆ ਹੈ।
ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸੋਧਾਂ ਨਾਲ ਵਿਧਾਇਕਾਂ ਨੂੰ ਲਾਭ ਦੇ ਅਹੁਦਿਆਂ ਦੇ ਕੁਝ ਹੋਰ ਮਾਮਲਿਆਂ ਵਿੱਚ ਅਯੋਗ ਨਾ ਠਹਿਰਾਏ ਜਾਣ ਵਿੱਚ ਸੁਰੱਖਿਆ ਮਿਲੇਗੀ ਜੋ ਮੂਲ ਐਕਟ ਵਿੱਚ ਸ਼ਾਮਲ ਨਹੀਂ ਸੀ।
ਇਨ੍ਹਾਂ ਸੋਧਾਂ ਤਹਿਤ ਨਵਾਂ ਸੈਕਸ਼ਨ-1 ਏ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ‘ਜ਼ਰੂਰੀ ਭੱਤੇ’, ‘ਸੰਵਿਧਾਨਕ ਬਾਡੀ’ ਤੇ ‘ਗੈਰ ਸੰਵਿਧਾਨਕ ਬਾਡੀ’ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ। ਇਸ ਐਕਟ ਦੀ ਧਾਰਾ 2 ਹੇਠ ਲਾਭ ਦੇ ਅਹੁਦੇ ਦੀਆਂ ਹੋਰ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸੈਕਸ਼ਨ-1 (ਏ) ਦੇ ਅਨੁਸਾਰ ‘ਲਾਜ਼ਮੀ ਭੱਤਾ’ ਦਾ ਮਤਲਬ ਉਸ ਰਾਸ਼ੀ ਤੋਂ ਹੋਵੇਗਾ ਜੋ ਰੋਜ਼ਾਨਾ ਭੱਤੇ (ਅਜਿਹਾ ਭੱਤਾ ਵਿਧਾਨ ਸਭਾ ਦੇ ਮੈਂਬਰ ਨੂੰ ਮਿਲਦੇ ਰੋਜ਼ਾਨਾ ਮਿਲਦੇ ਭੱਤੇ ਦੀ ਰਾਸ਼ੀ ਤੋਂ ਵੱਧ ਨਹੀ ਹੋਵੇਗਾ ਜਿਸ ਵਾਸਤੇ ਉਹ ਪੰਜਾਬ ਲੈਜੀਸਲੇਚਰ ਅਸੈਂਬਲੀ (ਮੈਂਬਰਾਂ ਦੇ ਤਨਖਾਹ ਤੇ ਭੱਤੇ) ਐਕਟ 1942 ਦੇ ਹੇਠ ਹੱਕਦਾਰ ਹੈ) ਰਾਹੀਂ ਇੱਕ ਅਹੁਦੇ ਨੂੰ ਸੰਭਾਲਣ ਲਈ ਭੁਗਤਾਨ ਯੋਗ ਹੋਵੇਗੀ। ਅਹੁਦੇ ਦੇ ਕੰਮਕਾਰ ਨੂੰ ਕਰਦੇ ਹੋਏ ਵਿਧਾਇਕ ਵੱਲੋਂ ਕੀਤੇ ਗਏ ਖਰਚੇ ਦੇ ਪ੍ਰਤੀਫਲ ਨੂੰ ਯਕੀਨੀ ਬਨਾਉਣ ਲਈ ਸਫਰੀ ਭੱਤਾ, ਹਾਉਸ ਰੈਂਟ ਭੱਤਾ ਜਾ ਯਾਤਰਾ ਭੱਤਾ ਇਸ ‘ਚ ਸ਼ਾਮਲ ਹੈ।
ਧਾਰਾ 2 ਨੂੰ ਸੋਧ ਕਰਦੇ ਹੋਏ ਇਸ ਵਿੱਚ ਸ਼ਾਮਲ ਕੀਤਾ ਹੈ:
(ਜੇ) ਇੱਕ ਮੰਤਰੀ (ਮੁੱਖ ਮੰਤਰੀ ਸਣੇ), ਰਾਜ ਮੰਤਰੀ ਜਾਂ ਉਪ ਮੰਤਰੀ, ਭਾਵੇਂ ਐਕਸ ਓਫਿਸ਼ਿਓ ਜਾਂ ਨਾਂ ਰਾਹੀਂ।
(ਕੇ) ਚੇਅਰਮੈਨ, ਉਪ ਚੇਅਰਮੈਨ, ਡਿਪਟੀ ਚੇਅਰਮੈਨ, ਰਾਜ ਯੋਜਨਾ ਬੋਰਡ ਦਾ ਅਹੁਦਾ।
(ਐਲ) ਵਿਧਾਨ ਸਭਾ ਵਿੱਚ ਮਾਨਤਾ ਪ੍ਰਾਪਤਾ ਗਰੁੱਪ, ਮਾਨਤਾ ਪ੍ਰਾਪਤ ਪਾਰਟੀ ( ਹਰੇਕ ਆਗੂ ਤੇ ਹਰੇਕ ਡਿਪਟੀ ਆਗੂ) ਦਾ ਅਹੁਦਾ।
(ਐਮ) ਚੀਫ ਵਿਪ, ਡਿਪਟੀ ਚੀਫ ਵਿਪ ਜਾਂ ਵਿਧਾਨ ਸਭਾ ਵਿੱਚ ਵਿਪ ਦਾ ਅਹੁਦਾ।
(ਐਨ) ਯੂਨੀਵਰਸਿਟੀ ਜਾਂ ਯੂਨੀਵਰਸਿਟੀਆਂ ਨਾਲ ਸਬੰਧਤ ਕਿਸੇ ਹੋਰ ਬਾਡੀ ਵਿੱਚ ਸਿੰਡੀਕੇਟ, ਸੈਨੇਟ, ਐਗਜੈਕਿਟਵ ਕਮੇਟੀ, ਕੌਂਸਲ ਜਾਂ ਕੋਰਟ ਦਾ ਮੈਂਬਰ ਜਾਂ ਚੇਅਰਮੈਨ ਦਾ ਅਹੁਦਾ।
(ਓ) ਕਿਸੇ ਵੀ ਮਾਮਲਾ ਵਿੱਚ ਅੰਕੜੇ ਇਕੱਠੇ ਕਰਨ ਜਾਂ ਜਾਂਚ ਕਰਨ ਦੇ ਮਕਸਦ ਲਈ ਜਾਂ ਜਨ ਮਹੱਤਤਾ ਦੇ ਕਿਸੇ ਵੀ ਮਾਮਲੇ ਵਿੱਚ ਜਾਂ ਕਿਸੇ ਹੋਰ ਅਥਾਰਿਟੀ ਜਾਂ ਸਰਕਾਰ ਨੂੰ ਸਲਾਹ ਦੇਣ ਦੇ ਮਕਸਦ ਵਾਸਤੇ ਆਰਜ਼ੀ ਤੌਰ ‘ਤੇ ਸਥਾਪਤ ਕਮੇਟੀ (ਭਾਵੇਂ ਇਹ ਇੱਕ ਮੈਂਬਰ ਅਧਾਰਤ ਹੋਵੇ ਜਾਂ ਵਧ ਮੈਂਬਰਾਂ) ਦੇ ਮੈਂਬਰ ਜਾਂ ਚੇਅਰਮੈਨ ਦੇ ਅਹੁਦੇ, ਜੇ ਇਸ ਤਰ੍ਹਾਂ ਦਾ ਅਹੁਦਾ ਪ੍ਰਾਪਤ ਵਿਅਕਤੀ ਲਾਜ਼ਮੀ ਭੱਤੇ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਸੇਵਾ ਫਲ ਲਈ ਹੱਕਦਾਰ ਨਾ ਹੋਵੇ।
(ਪੀ) ਕਲਾਜ (ਓ) ਵਿੱਚ ਦਰਸਾਏ ਗਈ ਕਿਸੇ ਵੀ ਅਜਿਹੀ ਬਾਡੀ ਤੋਂ ਇਲਾਵਾ ਕੋਈ ਵੀ ਸੰਵਿਧਾਨਿਕ ਜਾਂ ਗੈਰ ਸੰਵਿਧਾਨਿਕ ਬਾਡੀ ਦੇ ਚੇਅਰਮੈਨ, ਡਾਇਰੈਕਟਰ ਜਾਂ ਮੈਂਬਰ ਦਾ ਅਹੁਦਾ, ਜੇ ਇਸ ਤਰ੍ਹਾਂ ਦਾ ਅਹੁਦਾ ਪ੍ਰਾਪਤ ਵਿਅਕਤੀ ਲਾਜ਼ਮੀ ਭੱਤੇ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਸੇਵਾ ਫਲ ਲਈ ਹੱਕਦਾਰ ਨਾ ਹੋਵੇ।
EDITED BY : SARA YAHA | | Last Updated :27 June 2018























