

ਮਾਨਸਾ, 06 ਅਪ੍ਰੈਲ ( HIRA SINGH MITTAL ) : ਜ਼ਿਲ੍ਹਾ ਸਾਂਝ ਸਲਾਹਕਾਰ ਕਮੇਟੀਆਂ ਦੇ ਸੁਝਾਅ ਹਮੇਸ਼ਾਂ ਹੀ ਜ਼ਿਲ੍ਹਾ ਪੁਲਿਸ ਲਈ ਲਾਹੇਵੰਦ ਰਹੇ ਹਨ ਅਤੇ ਇਹ ਕਮੇਟੀਆਂ ਬਹੁਤ ਹੀ ਵਧੀਆ ਢੰਗ ਨਾਲ ਆਪਣਾ ਸਹਿਯੋਗ ਜ਼ਿਲ੍ਹਾ ਪੁਲਿਸ ਨੂੰ ਦੇ ਰਹੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸ.ਪੀ. (ਐਚ) ਡਾ. ਸਚਿਨ ਗੁਪਤਾ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਸਾਂਝ ਸਲਾਹਕਾਰ ਕਮੇਟੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਡਾ. ਸਚਿਨ ਗੁਪਤਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਜ਼ਿਲ੍ਹਾ ਸਾਂਝ ਕਮੇਟੀਆਂ ਦੇ ਮੈਂਬਰਾਂ ਦਾ ਧੰਨਵਾਦ ਕਰਨਾ ਵੀ ਹੈ, ਜਿਨ੍ਹਾਂ ਨੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਡੀ.ਏ.ਪੀ.ਓ. (ਡਰੱਗ ਅਬਯੂਜ਼ ਪ੍ਰੀਵੈਨਸ਼ਨ ਅਫ਼ਸਰ) ਬਣਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਜ਼ਿਲ੍ਹਾ ਪੁਲਿਸ ਨੂੰ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਉਹ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਕਿਸੇ ਇੱਕ ਵੀ ਵਿਅਕਤੀ ਦਾ ਨਸ਼ਾ ਛੁਡਾਉਣਾ ਉਸਦੇ ਪੂਰੇ ਪਰਿਵਾਰ ਨੂੰ ਜੀਵਨਦਾਨ ਦੇਣ ਦੇ ਸਮਾਨ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 12 ਹਜ਼ਾਰ ਤੋਂ ਵੀ ਵੱਧ ਲੋਕ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ, ਜੋ ਆਪਣੇ ਪਿੰਡ, ਗਲੀ, ਮੁਹੱਲੇ ਅਤੇ ਸ਼ਹਿਰ ਵਿੱਚ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਛੱਡਣ ਅਤੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਆਪਣਾ ਇਲਾਜ਼ ਕਰਵਾਉਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ੇ ਨੂੰ ਠੱਲ੍ਹ ਪਾਉਣ ਲਈ ਆਪਣੇ ਹਰ ਸੰਭਵ ਯਤਨ ਕਰ ਰਹੀ ਹੈ, ਪਰ ਜੇਕਰ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਕੇ ਉਸਦੀ ਮਾਨਸਿਕਤਾ ਨੂੰ ਬਦਲਿਆ ਜਾਵੇ, ਤਾਂ ਨਸ਼ਾ ਵਿਕਣਾ ਹੀ ਬੰਦ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਲ੍ਹਾ ਮਾਨਸਾ ਅੰਦਰ 13 ਥਾਣਾ ਸਾਂਝ ਕੇਂਦਰ ਹਨ, ਜੋ ਸਮੇ ਸਿਰ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਦਾ ਮੰਤਵ ਹੈ ਕਿ ਬਿਨੈਕਾਰ ਨੂੰ ਜਲਦ ਤੋਂ ਜਲਦ ਸੇਵਾਵਾਂ ਮੁਹੱਈਆ ਕਰਵਾ ਦਿੱਤੀਆਂ ਜਾਣ, ਤਾਂ ਜੋ ਉਸਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਸਾਂਝੇ ਕਮੇਟੀਆਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਜੇਕਰ ਇੰਨ੍ਹਾਂ ਸੇਵਾਵਾਂ ਜਾਂ ਪੁਲਿਸ ਦੇ ਕੰਮਕਾਰ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਜਾਂ ਸੁਝਾਅ ਹੈ, ਤਾਂ ਉਹ ਇਸ ਸਬੰਧੀ ਜ਼ਰੂਰ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੂੰ ਦੱਸਣ।
ਐਸ.ਪੀ. ਡਾ. ਗੁਪਤਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਵੀ ਅਸੀਂ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ। ਉਨ੍ਹਾਂ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਪੱਧਰ ‘ਤੇ ਵੀ ਖੇਡਾਂ ਦਾ ਆਯੋਜਨ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਮੁੱਦਿਆਂ ‘ਤੇ ਆਪੋ-ਆਪਣੇ ਸੁਝਾਅ ਦਿਤੇ ਗਏ।























