

ਮਾਨਸਾ, 25 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ): ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫਸਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਮਾਨਸਾ ਸ਼੍ਰੀ ਰਾਜਦੀਪ ਸਿੰਘ ਬਰਾੜ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਚੱਲ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ। ਇਸ ਮੌਕੇ ਸਰਕਾਰ ਵੱਲੋਂ ਅਧਿਕਾਰਿਤ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਜ਼ਿਲ੍ਹਾ ਮਾਨਸਾ ਵਿਖੇ ਕੰਮ ਕਰ ਰਹੇ ਟਰੇਨਿੰਗ ਪਾਰਟਨਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਪੀ.ਐਮ.ਕੇ.ਵੀ.ਵਾਈ (ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ), ਐਨ.ਯੂ.ਐਲ.ਐਮ. (ਨੈਸ਼ਨਲ ਅਰਬਨ ਲੀਵਲੀਹੂਡ ਮਿਸ਼ਨ) ਅਤੇ ਡੀ.ਡੀ.ਯੂ-ਜੀ.ਕੇ.ਵਾਈ. (ਦੀਨ ਦਿਯਾਲ ਉਪਾਧਿਆਇ-ਗ੍ਰਾਮੀਣ ਕੌਸ਼ਲ ਯੋਜਨਾ) ਸਕੀਮ ਅਧੀਨ ਟ੍ਰੇਨਿੰਗ ਅਤੇ ਪਲੇਸਮੈਂਟ ਬਾਰੇ ਵਿਚਾਰ ਵਟਾਂਦਰਾ ਕੀਤਾ। ਟਰੇਨਿੰਗ ਪਾਰਟਨਰਾਂ ਵੱਲੋਂ ਦੱਸਿਆ ਗਿਆ ਕਿ ਟਰੇਨਿੰਗ ਪ੍ਰਾਪਤ ਸਿੱਖਿਆਰਥੀਆਂ ਦੀ ਪਲੇਸਮੈਂਟ ਲਗਾਤਾਰ ਕਰਵਾਈ ਜਾ ਰਹੀ ਹੈ ਅਤੇ 31 ਮਾਰਚ ਤੋਂ ਪਹਿਲਾਂ-ਪਹਿਲਾਂ ਸਾਰੇ ਮਿੱਥੇ ਟੀਚੇ ਪ੍ਰਾਪਤ ਕਰ ਲਏ ਜਾਣਗੇ। ਇਸ ਤੋਂ ਇਲਾਵਾ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਵਿਸ਼ੇਸ਼ ਕਰਕੇ ਡੀ.ਡੀ.ਯੂ.-ਜੀ.ਕੇ.ਵਾਈ. ਸਕੀਮ ਅਧੀਨ ਮਾਰਚ ਦੇ ਵਿੱਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਕਿਹਾ ਕਿ ਟ੍ਰੇਨਿੰਗ ਦੌਰਾਨ ਮਹਿਲਾ ਅਤੇ ਅੰਗਹੀਣ ਸਿੱਖਿਆਰਥੀਆਂ ਨੂੰ ਸਮੇਂ-ਸਮੇਂ ‘ਤੇ ਪੋਸਟ ਪਲੇਸਮੈਂਟ ਸੁਪੋਰਟ, ਵਰਦੀ, ਕਿਤਾਬਾਂ ਅਤੇ ਆਉਣ-ਜਾਣ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਟਰੇਨਿੰਗ ਪਾਰਟਨਰਾਂ ਨੂੰ ਹਦਾਇਤ ਕੀਤੀ ਕਿ ਸਕੀਮਾਂ ਅਧੀਨ ਸਾਰੇ ਲਾਭ ਯੋਗ ਉਮੀਦਵਾਰਾਂ ਨੂੰ ਸਮੇਂ ਸਿਰ ਦਿੱਤੇ ਜਾਣ, ਤਾਂ ਜੋ ਉਹ ਦਿਲਚਸਪੀ ਨਾਲ ਟਰੇਨਿੰਗ ਲੈਣ ਅਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ 12 ਮਾਰਚ ਤੋਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਠਿੰਡਾ, ਅੰਮ੍ਰਿਤਸਰ, ਜਲੰਧਰ ਅਤੇ ਮੋਹਾਲੀ ਵਿਖੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਨੌਕਰੀਆਂ ਲਈ ਚੁਣੇ ਜਾਣ ਵਾਲੇ ਨੌਜਵਾਨਾਂ ਨੂੰ ਘੱਟੋ-ਘੱਟ 3 ਲੱਖ ਅਤੇ ਵੱਧ ਤੋਂ ਵੱਧ 14 ਲੱਖ ਰੁਪਏ ਤੱਕ ਦਾ ਸਾਲਾਨਾ ਪੈਕੇਜ਼ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਯੋਗ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਨ੍ਹਾਂ ਮੇਲਿਆਂ ਵਿੱਚ ਸ਼ਾਮਿਲ ਕੀਤਾ ਜਾ ਸਕੇ ਅਤੇ ਜ਼ਿਲ੍ਹੇ ਵਿੱਚੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਬੀ.ਐਮ.ਐਮ ਸ਼੍ਰੀ ਮਨੋਜ ਕੁਮਾਰ, ਸ਼੍ਰੀ ਹਰਜਿੰਦਰ ਸਿੰਘ ਅਤੇ ਮਾਸਟਰ ਵਿਨਿਤ ਤੋਂ ਇਲਾਵਾ ਸਕਿੱਲ ਟਰੇਨਿੰਗ ਸੈਂਟਰਾਂ ਤੋਂ ਆਏ ਨੁਮਾਇੰਦੇ ਹਾਜ਼ਰ ਸਨ।























