

ਮਾਨਸਾ, 23 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ-2019 ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਚੋਣ ਖ਼ਰਚਿਆਂ ‘ਤੇ ਨਿਗਰਾਨੀ ਰੱਖਣ ਲਈ ਤਾਇਨਾਤ ਕੀਤੇ ਗਏ ਖਰਚਾ ਅਬਜ਼ਰਵਰ ਸ਼੍ਰੀ ਮਯੰਕ ਪਾਂਡੇ, ਆਈ.ਆਰ.ਐਸ. ਮੁੰਬਈ ਨੇ ਅੱਜ ਉਮੀਦਵਾਰਾਂ ਦੇ ਖਰਚੇ ‘ਤੇ ਨਜ਼ਰ ਰੱਖ ਰਹੀਆਂ ਟੀਮਾਂ ਨਾਲ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ। ਸ਼੍ਰੀ ਪਾਂਡੇ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਮੋੜ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕਿਆਂ ਲਈ ਬਤੌਰ ਖਰਚਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਆਈ.ਆਰ.ਐਸ. ਅਧਿਕਾਰੀ ਸ਼੍ਰੀ ਮਯੰਕ ਪਾਂਡੇ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਅਤੇ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਇਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਪੂਰਾ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ-2019 ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ, ਇਸ ਲਈ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਊਣਤਾਈ ਨਾ ਰਹਿਣ ਦਿੱਤੀ ਜਾਵੇ।
ਖਰਚਾ ਆਬਜ਼ਰਵਰ ਨੇ ਜ਼ਿਲ੍ਹਾ ਮਾਨਸਾ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਗਠਿਤ ਕੀਤੀਆਂ ਗਈਆਂ ਵੱਖ-ਵੱਖ ਕਮੇਟੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪੋ-ਆਪਣਾ ਕਾਰਜ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਖਰਚਾ ਕਮੇਟੀ ਨੂੰ ਨਿਰਦੇਸ਼ ਦਿੱਤੇ ਕਿ ਉਮੀਦਵਾਰਾਂ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਅਤੇ ਪ੍ਰ੍ਰੋਗਰਾਮਾਂ ਦੇ ਖ਼ਰਚੇ ਉਪਰ ਪੈਨੀ ਨਜ਼ਰ ਰੱਖੀ ਜਾਵੇ।
ਸ਼੍ਰੀ ਪਾਂਡੇ ਨੇ ਕਿਹਾ ਕਿ 19 ਮਈ ਨੂੰ ਪੈਣ ਵਾਲੀਆਂ ਵੋਟਾਂ ਤੱਕ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਚੋਣ ਖਰਚਿਆਂ ‘ਤੇ ਕੜੀ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਵੋਟਰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਹੋਰ ਜਾਣਕਾਰੀ ਲਈ ਉਨ੍ਹਾਂ ਨਾਲ ਸਿੱਧਾ ਰਾਬਤਾ ਉਨ੍ਹਾਂ ਦੇ ਮੋਬਾਈਲ ਨੰਬਰ 83607-57315 ਅਤੇ ਈ.ਮੇਲ ਆਈ.ਡੀ mayankpandey81@gmail.com‘ਤੇ ਵੀ ਕਰ ਸਕਦੇ ਹਨ। ਉਨ੍ਹਾਂ ਗਠਿਤ ਕੀਤੀਆਂ ਕਮੇਟੀਆਂ ਦੇ ਨੋਡਲ ਅਫ਼ਸਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਡੇਚਲਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਅਤੇ ਚੋਣ ਤਹਿਸੀਲਦਾਰ ਸ਼੍ਰੀ ਗੁਰਚਰਨ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।























