

ਕੋਟਕਪੂਰਾ (ਸਾਰਾ ਯਹਾ) : ਪੰਜਾਬ ‘ਚ ਆਏ ਦਿਨ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਗੰਭੀਰ ਮੁੱਦਾ ਬਣਿਆ ਹੋਇਆ ਹੈ। ਅਜਿਹੇ ‘ਚ ਫਰੀਦਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਨਿਵਾਸੀਆਂ ਵੱਲੋਂ ਚਿੰਤਾ ਪ੍ਰਗਟ ਕਰਦਿਆਂ ਸੰਕੇਤਕ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਸ਼ਹਿਰ ਵਿੱਚ ਨਸ਼ਿਆਂ ਖਿਲਾਫ ਰੋਸ ਮਾਰਚ ਕੀਤੇ ਜਾ ਰਹੇ ਹਨ।
ਪਿਛਲੇ 8 ਦਿਨਾਂ ਤੋਂ ਸ਼ੁਰੂ ਹੋਈ ਇਸ ਭੁੱਖ ਹੜਤਾਲ ਵਿੱਚ ਰੋਜ਼ਾਨਾ 10 ਦੇ ਕਰੀਬ ਔਰਤਾਂ ਤੇ ਮਰਦ ਸ਼ਾਮਲ ਹੁੰਦੇ ਹਨ। ਇਸ ਦੌਰਾਨ ਧਰਨੇ ‘ਚ ਮੌਜੂਦ ਔਰਤ ਨੇ ਰੋਸ ਜ਼ਾਹਰ ਕਰਦਿਆਂ ਮਰਨ ਵਰਤ ਦੀ ਚਿਤਾਵਨੀ ਵੀ ਦਿੱਤੀ। ਉਕਤ ਔਰਤ ਨੇ ਕਿਹਾ ਕਿ ਅੱਜ ਪੰਜਾਬ ਦੀ ਹਰ ਇੱਕ ਮਾਂ ਨੂੰ ਬਾਹਰ ਨਿਕਲ ਕੇ ਨਸ਼ੇ ਖਿਲਾਫ ਆਵਾਜ਼ ਚੁੱਕਣ ਦੀ ਲੋੜ ਹੈ। ਉਸ ਨੇ ਕਿਹਾ ਕਿ ਜੇਕਰ ਜਲਦ ਹੀ ਨਸ਼ੇ ਖਿਲਾਫ ਕੋਈ ਹੱਲ ਨਹੀਂ ਨਿਕਲਦਾ ਤਾਂ ਮਜਬੂਰਨ ਉਹ ਮਰਨ ਵਰਤ ‘ਤੇ ਬਹਿ ਜਾਵੇਗੀ।
ਭੁੱਖ ਹੜਤਾਲ ਉੱਤੇ ਬੈਠੇ ਕੋਟਕਪੂਰਾ ਨਿਵਾਸੀ ਕਾਕਾ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਕਿ ਉਹ ਨਸ਼ੇ ਦਾ ਖਾਤਮਾ ਕਰ ਦੇਣਗੇ ਜਦਕਿ ਅਜੇ ਤੱਕ ਉਹ ਅਮਲੀ ਤੌਰ ‘ਤੇ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ।
EDITED BY : SARA YAHA | | Last Updated 5:35 pm 08 JULY 2018























