ਮੱਛੀਆਂ ਮਾਰਨ ਵਾਲੀ ਮਿੱਲ ‘ਤੇ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੀ ਵੱਡੀ ਕਾਰਵਾਈ

0
5

ਚੰਡੀਗੜ੍ਹ (ਸਾਰਾ ਯਹਾ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੱਢਾ ਸ਼ੂਗਰ ਮਿੱਲ ਨੂੰ 5 ਕਰੋੜ ਦਾ ਜ਼ੁਰਮਾਨਾ ਲਾ ਦਿੱਤਾ ਹੈ ਅਤੇ ਨਾਲ ਹੀ ਕਾਰਖ਼ਾਨੇ ਵਿਰੁੱਧ ਅਪਰਾਧਿਕ ਮਾਮਲਾ ਵੀ ਦਰਜ ਕਰਨ ਦੇ ਹੁਕਮ ਦਿੱਤੇ ਹਨ। ਮਿੱਲ ਵਿਰੁੱਧ ਕਾਰਵਾਈ ਬਿਆਸ ਦਰਿਆ ਵਿੱਚ ਸੀਰੇ ਦੇ ਰਸਾਅ ਤੋਂ ਬਾਅਦ ਲੱਖਾਂ ਮੱਛੀਆਂ ਤੇ ਹੋਰ ਜਲ ਜੀਵਾਂ ਦੀ ਮੌਤ ਤੋਂ ਬਾਅਦ ਲਾਇਆ ਗਿਆ ਹੈ। FIR ਦਰਜ ਨਾ ਹੋਣ ਦਾ ਮਸਲਾ *ਸਾਰਾ ਯਹਾ* ਨੇ ਸਭ ਤੋਂ ਪਹਿਲਾਂ ਸਰਕਾਰ ਕੋਲ ਚੁੱਕਿਆ ਸੀ।

ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬੀਤੇ ਦਿਨੀਂ ਮਿੱਲ ਨੂੰ ਕਾਰਵਾਈ ਕਿਉਂ ਨਾ ਕਰਨ ਦੇ ਹੱਕ ਵਿੱਚ ਆਪਣੀ ਦਲੀਲ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਪ੍ਰਬੰਧਕਾਂ ਵੱਲੋਂ ਜਵਾਬ ਦਾਇਰ ਕਰਨ ਤੋਂ ਬਾਅਦ ਵੀਰਵਾਰ ਨੂੰ ਪੀਪੀਸੀਬੀ ਨੇ ਪੰਜ ਕਰੋੜ ਰੁਪਏ ਜ਼ੁਰਮਾਨਾ ਲਾਉਣ ਦੇ ਹੁਕਮ ਦਿੱਤੇ ਹਨ ਤੇ ਅਪਰਾਧਿਕ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ।

ਬੀਤੀ 17 ਮਈ ਨੂੰ ਗੁਰਦਾਸਪੁਰ ਦੀ ਕੀੜੀ ਅਫ਼ਗ਼ਾਨਾ ਵਿੱਚ ਸਥਿਤ ਚੱਢਾ ਸ਼ੂਗਰ ਮਿੱਲ ਵਿੱਚੋਂ ਸੀਰੇ ਦਾ ਬਿਆਸ ਦਰਿਆ ਵਿੱਚ ਰਿਸਾਅ ਹੋਣ ਤੋਂ ਬਾਅਦ ਲੱਖਾਂ ਜਲ ਜੀਵ ਮਾਰੇ ਗਏ ਸਨ। ਇਸ ਤੋਂ ਅਗਲੇ ਦਿਨ ਚੱਢਾ ਸ਼ੂਗਰ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਜਾਂਚ ਦੇ ਹੁਕਮ ਦਿੱਤੇ ਗਏ ਸਨ।

ਇਸੇ ਦੌਰਾਨ ਸਰਕਾਰ ਉੱਪਰ ਮਿੱਲ ਦਾ ਬਚਾਅ ਕਰਨ ਦੇ ਇਲਜ਼ਾਮ ਵੀ ਲੱਗੇ ਸਨ। ਚੱਢਾ ਸ਼ੂਗਰ ਮਿੱਲ ਪੌਂਟੀ ਚੱਢਾ ਪਰਿਵਾਰ ਦੀ ਨੂੰਹ ਤੇ ਦਿੱਲੀ ਦੇ ਪ੍ਰਮੁੱਖ ਸਿੱਖ ਆਗੂ ਹਰਵਿੰਦਰ ਸਿੰਘ ਸਰਨਾ ਦੀ ਧੀ ਤੇ ਪਰਮਜੀਤ ਸਿੰਘ ਸਰਨਾ ਦੀ ਭਤੀਜੀ ਜਸਦੀਪ ਕੌਰ ਚੱਢਾ ਦੀ ਮਲਕੀਅਤ ਹੈ।

ਸਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿੱਖ ਮਸਲਿਆਂ ਬਾਰੇ ਸਲਾਹਕਾਰ ਵੀ ਹਨ। ਇਸ ਲਈ ਉਨ੍ਹਾਂ ਦੀ ਵਾਤਾਵਰਣ ਮੰਤਰੀ ਓ.ਪੀ. ਸੋਨੀ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣ ਗਈ ਸੀ। ਫਿਲਹਾਲ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮਿੱਲ ਨੂੰ ਜ਼ੁਰਮਾਨਾ ਕੀਤਾ ਹੈ, ਜਦਕਿ ਵਿਰੋਧੀਆਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਇਸ ਮਿੱਲ ਨੂੰ ਪੂਰਨ ਤੌਰ ‘ਤੇ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।


EDITED BY : SARA YAHA | | Last Updated : 24 May 2018

LEAVE A REPLY

Please enter your comment!
Please enter your name here