ਮਾਨਸਾ 25 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ): ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਸੂਬਾਈ ਵਫ਼ਦ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ ਦੀ ਅਗਵਾਈ ਹੇਠ ਪਟਿਆਲਾ ਤੋਂ ਸਾਂਸਦ ਡਾ.ਧਰਮਵੀਰ ਗਾਂਧੀ ਨੂੰ ਮਿਲਿਆ। ਜੱਥੇਬੰਦੀ ਵੱਲੋਂ ਡਾ.ਗਾਂਧੀ ਨੂੰ ਤਜਰਬੇਕਾਰ ਅਣ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਕਾਨੂੰਨੀ ਮਾਨਤਾ ਦੀ ਚਿਰੋਕਣੀ ਮੰਗ ਨੂੰ ਚੱਲ ਰਹੇ ਲੋਕ ਸਭਾ ਦੇ ਸੈਸ਼ਨ ਦੌਰਾਨ ਭਾਰਤ ਸਰਕਾਰ ਦੇ ਧਿਆਨ ‘ਚ ਲਿਆਉਣ ਸਬੰਧੀ ਵੱਖ ਵੱਖ ਰਾਜਾਂ ਬਿਹਾਰ, ਪੱਛਮੀ ਬੰਗਾਲ ਅਤੇ ਰਾਜਸਥਾਨ ਵਿੱਚ ਉਕਤ ਪ੍ਰੈਕਟੀਸਨਰਾਂ ਨੂੰ ਮਾਨਤਾ ਸਬੰਧੀ ਕੀਤੀ ਗਈ ਚਾਰਾਜੋਈ ਸਬੰਧੀ ਦਸਤਾਵੇਜ਼ ਅਤੇ ਮੰਗ ਪੱਤਰ ਸੌਂਪਿਆ ਗਿਆ। ਗੋਇਲ ਨੇ ਕਿਹਾ ਕਿ ਇਸ ਸਬੰਧੀ ਐਸੋਸੀਏਸ਼ਨ ਦੀ ਸੂਬਾਈ ਲੀਡਰਸ਼ਿਪ ਵੱਲੋਂ ਪਹਿਲਾਂ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਆਪ ਜੀ ਨਾਲ ਵਿਸਥਾਰਿਤ ਗੱਲਬਾਤ ਕਰ ਚੁੱਕੇ ਹਾਂ । ਇਹ ਮਾਮਲਾ ਜਿੱਥੇ ਭਾਰਤ ਦੇ ਲਗਭਗ 60 ਲੱਖ ਦੇ ਕਰੀਬ ਤਜਰਬੇਕਾਰ ਅਣ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਜੋ ਦੇਸ਼ ‘ਚ ਲਗਭਗ ਪਿਛਲੇ ਪੰਜਾਹ ਸਾਲਾਂ ਤੋਂ ਪਿੰਡਾਂ ਅਤੇ ਸ਼ਹਿਰੀ ਗਰੀਬ ਬਸਤੀਆਂ ਤੋਂ ਇਲਾਵਾ ਦੂਰ ਦੁਰਾਡੇ ਢਾਣੀਆਂ ਅਤੇ ਝੁਗੀਆਂ ਝੌਂਪੜੀਆ ‘ਚ ਵਸਦੇ ਸਰਕਾਰੀ ਸਹੂਲਤਾਂ ਤੋਂ ਸੱਖਣੇ ਲੋੜਵੰਦ ਲੋਕਾਂ ਨੂੰ 24 ਘੰਟੇ ਸਸਤੀਆਂ, ਸੌਖੀਆਂ ਅਤੇ ਉਧਾਰੀਆਂ ਸੁਧਾਰੀਆਂ ਮੁੱਢਲੀਆਂ ਸਿਹਤ ਸਹੂਲਤਾਂ ਮੁਹਈਆ ਕਰਵਾ ਰਹੇ ਹਨ,ਅਤੇ ਸਰਕਾਰ ਦੇ ਹਰ ਇੱਕ ਨੂੰ ਸਿਹਤ ਸਹੂਲਤਾਂ ਅਤੇ ਰੁਜ਼ਗਾਰ ਘਰ ਘਰ ਪਹੁੰਚਾਉਣ ਦੇ ਵਾਅਦੇ ਦੀ ਪੂਰਤੀ ਦੇ ਨਾਲ ਆਪਣਾ ਸਵੈਰੋਜ਼ਗਾਰ ਵੀ ਚਲਾ ਰਹੇ ਹਨ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਉਕਤ ਮੈਡੀਕਲ ਪ੍ਰੈਕਟੀਸ਼ਨਰਜ ਸਰਕਾਰ ਵੱਲੋਂ ਚਲਾਏ ਨੈਸਨਲ ਪ੍ਰੋਗਰਾਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ‘ਚ ਵੀ ਵੱਡਾ ਯੋਗਦਾਨ ਪਾਉਂਦੇ ਆ ਰਹੇ ਹਨ। ਪਿਛਲੇ ਦੌਰ ਦੌਰਾਨ ਕਰੋਨਾ ਕਾਲ ਸਮੇਂ ਜਦੋਂ ਪ੍ਰਾਈਵੇਟ ਹਸਪਤਾਲਾਂ ਦੇ ਦਰਵਾਜ਼ੇ ਆਮ ਲੋਕਾਂ ਲਈ ਬੰਦ ਹੋ ਗਏ ਸਨ ਤਾਂ ਇਹਨਾਂ ਨੇ ਹੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਗਲੇ ਲਗਾ ਕੇ ਮੁੱਢਲੀਆਂ ਸਿਹਤ ਸਹੂਲਤਾਂ ਜਾਰੀ ਰੱਖੀਆਂ ਅਤੇ ਜਨਤਾ ਨੂੰ ਦਹਿਸ਼ਤ ਦੇ ਛਾਏ ਚੋਂ ਕੱਢਣ ਅਤੇ ਲੋੜਵੰਦਾਂ ਨੂੰ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਖਾਣਾ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਚ ਵਰਤੋਂ ਦੀਆਂ ਵਸਤਾਂ ਵੀ ਮੁਹਈਆ ਕਰਵਾਈਆਂ। ਇਸ ਤੇ ਸਤਿਕਾਰਿਤ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤ ਦੀ ਵੱਡੀ ਵਸੋਂ ਨੂੰ ਪਿੰਡਾਂ ਅਤੇ ਸ਼ਹਿਰੀ ਖੇਤਰ ਦੀਆਂ ਗਰੀਬ ਬਸਤੀਆਂ ਲਈ ਮੁਢਲੀਆਂ ਸਿਹਤ ਸਹੂਲਤਾਂ ਇਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਇਲਾਵਾ ਸਰਕਾਰ ਕੋਲ ਕੋਈ ਵੀ ਢੁੱਕਵਾਂ ਬਦਲ ਨਹੀਂ ਦਿਖਾਈ ਨਹੀਂ ਦੇ ਰਿਹਾ। ਇੰਨ੍ਹਾਂ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸ਼ਲਾਘਾ ਯੋਗ ਹਨ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਸ਼ਾਰਟ ਟਰਮ ਟਰੇਨਿੰਗ ਪ੍ਰੋਗਰਾਮ ਜਾਂ ਬ੍ਰਿਜ ਕੋਰਸ ਕਰਵਾਕੇ ਮੁੱਢਲੀਆਂ ਸਿਹਤ ਸੇਵਾਵਾਂ ਅਤੇ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਿਹਤ ਸਕੀਮਾਂ ‘ਚ ਵੀ ਇੰਨ੍ਹਾਂ ਦੀਆਂ ਸੇਵਾਵਾਂ ਲੈਣ ਦਾ ਉਪਰਾਲਾ ਕਰਨ ਦਾ ਯਤਨ ਕਰੇ। ਇਸ ਨਾਲ ਲੱਖਾਂ ਪਰਿਵਾਰ ਵੀ ਉਜਾੜੇ ਤੋਂ ਬਚ ਸਕਦੇ ਹਨ। ਸਵੈਰੋਜ਼ਗਾਰ ਚਲਾ ਰਹੇ ਉਕਤ ਮੈਡੀਕਲ ਪ੍ਰੈਕਟੀਸ਼ਨਰਜ਼ ਤੋਂ ਸੇਵਾਵਾਂ ਲੈਣ ਵਾਲੇ ਕਰੋੜਾਂ ਲੋਕਾਂ ਦੀਆਂ ਸਿਹਤ ਸੇਵਾਵਾਂ ਵੀ ਚਲਦੀਆ ਰਹਿਣਗੀਆਂ।ਡਾ.ਗਾਂਧੀ ਨੇ ਸੂਬਾਈ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਵੱਲੋਂ ਅਤੇ ਆਪਣੀ ਪਾਰਟੀ ਵੱਲੋਂ ਸੈਸ਼ਨ ਦੌਰਾਨ ਇਸ ਅਹਿਮ ਮਸਲੇ ਨੂੰ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਮੰਗ ਕਰਾਂਗਾ ਕਿ ਕੋਈ ਪਾਰਟ ਟਾਈਮ ਟਰੇਨਿੰਗ ਕੋਰਸ਼ ਰਾਹੀਂ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਦਾ ਕਾਨੂੰਨੀ ਅਧਿਕਾਰ ਦਿੱਤਾ ਜਾਵੇ। ਵਫਦ ‘ਚ ਸੂਬਾ ਸਹਾਇਕ ਵਿੱਤ ਸਕੱਤਰ ਤਾਰਾ ਚੰਦ ਭਾਵਾ, ਸੂਬਾਈ ਆਗੂ ਵੈਦ ਬਲਵੀਰ ਸਿੰਘ ਬਰੇਟਾ ਅਤੇ ਜਗਤਾਰ ਸਿੰਘ ਫੂਲ, ਬਲਾਕ ਲਹਿਰਾਗਾਗਾ ਦੇ ਆਗੂ ਰਾਜ ਕੁਮਾਰ, ਦਲੇਲ ਸਿੰਘ, ਸੁਖਜਿੰਦਰ ਸਿੰਘ, ਪਾਲ ਸਿੰਘ ਅਤੇ ਬਲਾਕ ਬਰੇਟਾ ਤੋਂ ਸਤੀਸ਼ ਬਰੇਟਾ, ਬੰਟੂ ਸ਼ਰਮਾ ਅਤੇ ਰਸ਼ਪਾਲ ਸਿੰਘ ਆਦਿ ਵੀ ਸ਼ਾਮਲ ਸਨ।