

ਮਾਨਸਾ, 06 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਪਿਛਲੇ ਦਿਨੀਂ ਪਿੰਡ ਦਾਤੇਵਾਸ ਵਿਖੇ ਦਲਿਤ ਮਹਿਲਾ ਨਾਲ ਹੋਈ ਕਥਿਤ ਕੁੱਟਮਾਰ ਦੀ ਵਾਪਰੀ ਘਟਨਾ ‘ਤੇ ਗੰਭੀਰ ਨੋਟਿਸ ਲੈਂਦਿਆਂ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਸ਼੍ਰੀਮਤੀ ਪੂਨਮ ਕਾਂਗੜਾ ਵੱਲੋਂ ਮਾਨਸਾ ਵਿਖੇ ਦੌਰਾ ਕੀਤਾ ਗਿਆ।
ਸ਼੍ਰੀਮਤੀ ਪੂਨਮ ਕਾਂਗੜਾ ਵੱਲੋਂ ਸਥਾਨਕ ਮੰਡੀ ਬੋਰਡ ਦੇ ਰੈਸਟ ਹਾਊਸ ਵਿਖੇ ਪੀੜਤ ਪਰਿਵਾਰ ਤੋਂ ਇਸ ਘਟਨਾ ਸਬੰਧੀ ਜਾਇਜ਼ਾ ਲਿਆ ਅਤੇ ਪੁਲਿਸ ਨੂੰ ਹਦਾਇਤ ਕੀਤੀ ਇਸ ਸਬੰਧੀ ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਵੱਲੋਂ ਸਾਰੀ ਕਾਰਵਾਈ ਦੀ ਰਿਪੋਰਟ 10 ਦਿਨਾਂ ਦੇ ਅੰਦਰ-ਅੰਦਰ ਜਮ੍ਹਾ ਕਰਵਾਈ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਇਸ ਕੇਸ ਵਿੱਚ ਇੱਕ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਬਾਕੀ ਵਿਅਕਤੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਸ਼੍ਰੀਮਤੀ ਕਾਂਗੜਾ ਕਿਹਾ ਕਿ ਇਸ ਕੇਸ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਕਮਿਸ਼ਨ ਦੇ ਦਖਲ ਤੋਂ ਬਾਅਦ ਐਫ.ਆਈ.ਆਰ. ਵਿੱਚ ਸੀ.ਆਰ.ਪੀ.ਸੀ. ਦੀ ਧਾਰਾਵਾਂ ਅਧੀਨ ਹੋਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਹਦਾਇਤ ਕੀਤੀ ਕਿ ਕਾਨੂੰਨ ਅਨੁਸਾਰ ਐਫ.ਆਈ.ਆਰ. ਵਿੱਚ ਐਸ.ਸੀ./ਐਸ.ਟੀ. ਐਕਟ ਦੀਆਂ ਧਾਰਾਵਾਂ ਨੂੰ ਜੋੜਿਆ ਜਾਵੇ।
ਸ਼੍ਰੀਮਤੀ ਕਾਂਗੜਾ ਨੇ ਪੀੜਤ ਪਰਿਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ‘ਤੇ ਕਿਸੇ ਕਿਸਮ ਦਾ ਕੋਈ ਦਬਾਅ ਪਾਇਆ ਜਾਂਦਾ ਹੈ ਤਾਂ ਇਸ ਸਬੰਧੀ ਕਮਿਸ਼ਨ ਜਾਂ ਜ਼ਿਲ੍ਹਾ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਸ਼੍ਰੀ ਜਗਸੀਰ ਸਿੰਘ ਸਿੱਧੂ, ਡੀ.ਐਸ.ਪੀ. ਸ਼੍ਰੀ ਸਰਬਜੀਤ ਸਿੰਘ, ਸ਼੍ਰੀ ਦਰਸ਼ਨ ਕਾਂਗੜ, ਸ਼੍ਰੀ ਅਮਨਦੀਪ ਚੌਪੜਾ, ਸ਼੍ਰੀ ਰਾਜੀਵ ਕੁਮਾਰ ਜਿੰਦਲ ਅਤੇ ਹੋਰ ਵੀ ਸਖਸ਼ੀਅਤਾਂ ਮੌਜੂਦ ਸਨ।























