

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ‘ਚ ਕੱਲ੍ਹ ਫਿਰ ਤੇਜ਼ ਤੂਫਾਨ ਨੇ ਦਸਤਕ ਦਿੱਤੀ। ਇਸ ਦੇ ਚੱਲਦਿਆਂ ਦਿੱਲੀ ਦੇ ਅਲੀਪੁਰ ਇਲਾਕੇ ‘ਚ ਬਿਜਲੀ ਦਾ ਖੰਭਾ ਡਿੱਗਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਓਧਰ ਉੱਤਰ ਪ੍ਰਦੇਸ਼ ‘ਚ ਪਹਿਲਾਂ ਤੇਜ਼ ਹਨ੍ਹੇਰੀ ਤੇ ਫਿਰ ਭਾਰੀ ਮੀਂਹ ਦੇ ਚੱਲਦਿਆਂ ਕੁੱਲ ਛੇ ਮੌਤਾਂ ਹੋਣ ਦੀ ਖ਼ਬਰ ਹੈ। ਮੇਰਠ ‘ਚ ਵੀ ਭਾਰੀ ਮੀਂਹ-ਹਨ੍ਹੇਰੀ ਦੇ ਕਾਰਨ ਥਾਂ-ਥਾਂ ਬਿਜਲੀ ਦੇ ਖੰਭੇ ਡਿੱਗ ਗਏ ਤੇ ਦਰੱਖਤ ਟੁੱਟ ਗਏ।
ਦਿੱਲੀ ‘ਚ ਹਨ੍ਹੇਰੀ ਏਨੀ ਜ਼ਬਰਦਸਤ ਸੀ ਕਿ ਲੋਕਾਂ ਦਾ ਘਰ ਦੀਆਂ ਛੱਤਾਂ ‘ਤੇ ਰੱਖਿਆ ਸਮਾਨ ਤੱਕ ਉੱਡ ਗਿਆ। ਦੂਜੇ ਪਾਸੇ ਉੱਤਰਾਖੰਡ ‘ਚ ਬੱਦਲ ਫਟਣ ਕਾਰਨ ਚਾਰ ਧਾਮਾਂ ਦੀ ਯਾਤਰਾ ਤੇ ਨਿਕਲੇ ਹਜ਼ਾਰਾਂ ਲੋਕ ਰਾਹ ‘ਚ ਹੀ ਅਟਕ ਗਏ ਹਨ। ਉੱਤਰਾਖੰਡ ‘ਚ ਕਈ ਥਾਈਂ ਬੱਦਲ ਫਟਣ ਕਾਰਨ ਭਾਰੀ ਬਾਰਸ਼ ਵੀ ਹੋਈ ਹੈ ਜਿਸ ਕਾਰਨ ਉੱਥੇ ਪੱਕੀ ਫਸਲ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ।
ਦੂਜੇ ਪਾਸੇ ਦਿੱਲੀ ‘ਚ ਤਾਪਮਾਨ 42 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਹੈ ਜੋ ਕਿ ਬੀਤੇ ਸਾਲਾਂ ਦੇ ਔਸਤਨ ਤਾਪਮਾਨ ਤੋਂ ਇਕ ਡਿਗਰੀ ਵੱਧ ਹੈ। ਉਥੇ ਹੀ ਪੰਜਾਬ ਤੇ ਹਰਿਆਣੇ ‘ਚ ਵੀ ਗਰਮੀ ਦਾ ਪੂਰਾ ਜ਼ੋਰ ਹੈ। ਨਾਰਨੌਲ ‘ਚ ਤਾਪਮਾਨ 46.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋ ਪੰਜ ਡਿਗਰੀ ਵੱਧ ਹੈ।
ਰਾਜਸਥਾਨ ਦੇ ਚੁਰੂ ‘ਚ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ ਜਦਕਿ ਗੰਗਾਨਗਰ ‘ਚ ਤਾਪਮਾਨ 49.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ 7 ਡਿਗਰੀ ਵੱਧ ਹੈ।
EDITED BY : SARA YAHA | | Last Updated :3 June 2018























