

ਮਾਨਸਾ, 27 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)-ਵੀਰਵਾਰ ਨੂੰ ਮਾਨਸੂਨ ਦੇ ਪਹਿਲੇ ਮੀਂਹ ਨੇ ਹੀ ਮਾਨਸਾ ਨੂੰ ਪਾਣੀ ਪਾਣੀ ਕਰ ਦਿੱਤਾ। ਦੂਜੇ ਦਿਨ ਵੀ ਸ਼ਹਿਰ ਵਿਚ ਨੱਕੋ ਨੱਕ ਭਰੀਆਂ ਸੜਕਾਂ ਤੇ ਖੜ੍ਹੇ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਸ਼ਹਿਰ ਦਾ ਸਾਰਾ ਹਿੱਸਾ ਪਾਣੀ ਵਿਚ ਡੱਬ ਗਿਆ ਹੈ। ਮਾਨਸੂਨ ਸ਼ੁਰੂ ਹੋ ਗਿਆ ਹੈ ਅਤੇ ਹੋਰ ਮੀਂਹ ਪੈ ਜਾਣ ਨੂੰ ਲੈ ਕੇ ਲੋਕ ਡਰੇ ਹੋਏ ਹਨ। ਵੀਰਵਾਰ ਨੂੰ ਪਏ ਤੇਜ ਜੋਰਦਾਰ ਮੀਂਹ ਨੇ ਸ਼ਹਿਰ ਦਾ ਸਿਨੇਮਾ ਰੋਡ ਦਰਿਆ ਬਣਾ ਦਿੱਤਾ। ਬੱਸ ਅੱਡਾ ਚੌਂਕ ਤੋਂ ਲੈ ਕੇ ਰੇਲਵੇ ਫਾਟਕ ਤੱਕ ਸੜਕ ਨੇ ਸਮੁੰਦਰ ਦਾ ਰੂਪ ਧਾਰ ਲਿਆ ਅਤੇ ਲੋਕਾਂ ਨੂੰ ਆਪਣੀਆਂ ਦੁਕਾਨਾਂ ਵੀ ਬੰਦ ਕਰਨੀਆਂ ਪਈਆਂ। ਇਸ ਸਾਰੇ ਹਾਲ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਹਿਰ ਦਾ ਕੋਈ ਵਾਲੀ ਵਾਰਸ ਨਹੀਂ ਹੈ। ਡਿਪਟੀ ਕਮਿਸ਼ਨਰ ਦੀ ਤਿੰਨਕੋਨੀ ਲਾਗੇ ਰਿਹਾਇਸ਼ ਕੋਲ ਬਰਨਾਲਾ ਤੋਂ ਮਾਨਸਾ ਵਿਚੋਂ ਦੀ ਸਿਰਸਾ ਵੱਲ ਜਾਂਦੇ ਹਾਈਵੇ ਨੂੰ ਵੀ ਮੀਂਹ ਦੇ ਪਾਣੀ ਡੁਬੋ ਦਿੱਤਾ। ਰਾਹਗੀਰਾਂ ਦੀਆਂ ਗੱਡੀਆਂ ਪਾਣੀ ਵਿਚ ਤੈਰਨ ਲੱਗੀਆਂ। ਇਹੀ ਹਾਲ ਅੰਡਰ ਬ੍ਰਿਜ, ਰੇਲਵੇ ਲਾਈਨ ਦੇ ਨਾਲ ਵਾਲੇ ਇਲਾਕਿਆਂ, ਕਚਹਿਰੀ ਰੋਡ, ਮੁਹੱਲਾ ਵੀਰ ਨਗਰ, ਰਾਮਬਾਗ ਰੋਡ ਦਾ ਵੀ ਬਣਿਆ ਪਰ ਕਿਸੇ ਸਰਕਾਰ ਦੇ ਨੁਮਾਇੰਦੇ ਜਾਂ ਪ੍ਰਸ਼ਾਸ਼ਨ ਅਧਿਕਾਰੀ ਨੇ ਅਜੇ ਤੱਕ ਇਸ ਪਾਣੀ ਨਿਕਾਸੀ ਦੇ ਕੋਈ ਇੰਤਜਾਮ ਨਹੀਂ ਕੀਤੇ ਅਤੇ ਨਾ ਹੀ ਕਿਸੇ ਨੇ ਦਫਤਰ ਵਿਚੋਂ ਬਾਹਰ ਨਿੱਕਲ ਕੇ ਇਸ ਦੀ ਸਾਰ ਲਈ। ਸ਼ਹਿਰੀਆਂ ਦਾ ਕਹਿਣਾ ਹੈ ਕਿ ਮਾਨਸੂਨ ਦੇ ਪਹਿਲੇ ਮੀਂਹ ਨੇ ਹੀ ਸ਼ਹਿਰ ਨੂੰ ਡੁਬੋ ਦਿੱਤਾ ਅਤੇ ਜੇਕਰ ਹੋਰ ਮੀਂਹ ਪੈ ਗਿਆ ਤਾਂ ਸ਼ਹਿਰ ਦਾ ਕੀ ਹਾਲ ਹੋਵੇਗਾ


ਸਾਬਕਾ ਕੌਂਸਲਰ ਸ਼ਿਵਚਰਨ ਦਾਸ ਸੂਚਨ ਨੇ ਕਿਹਾ ਕਿ ਵਿਕਾਸ ਦਾ ਢਿੰਡੋਰਾ ਪਿੱਟਦੀਆਂ ਸਰਕਾਰਾਂ ਅਤੇ ਪ੍ਰਸ਼ਾਸ਼ਨ ਅਜੇ ਤੱਕ ਪਾਣੀ ਨਿਕਾਸੀ ਦਾ ਹੱਲ ਨਹੀਂ ਕਰ ਸਕਿਆ। ਹੁਣੇ ਦੀ ਗੱਲ ਹੈ ਕਿ ਮੀਂਹ ਪੈਣ ਦੇ ਬਾਵਜੂਦ ਦੋ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ਤੋਂ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣਾ ਸਾਨੂੰ ਸ਼ਰਮਸਾਰ ਕਰਦਾ ਹੈ। ਕਈ ਵਾਰਡਾਂ ਅਤੇ ਮੁਹੱਲਿਆਂ ਦੀ ਹਾਲਤ ਇਹ ਬਣੀ ਹੋਈ ਹੈ ਕਿ ਲੋਕ ਜਾਂ ਤਾਂ ਆਪਣੇ ਦਰਵਾਜੇ ਬੰਦ ਰੱਖਦੇ ਹਨ ਜਾਂ ਉਨ੍ਹਾਂ ਨੂੰ ਸਮੱਸਿਆ ਦਾ ਹੱਲ ਨਾ ਹੁੰਦਾ ਦੇਖ ਕੇ ਆਪਣੇ ਘਰਾਂ ਨੂੰ ਵੇਚ ਕੇ ਦੂਰ ਦੁਰਾਡੇ ਜਾਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮੰਜਰ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਹਿਰ ਦਾ ਨਾ ਕੋਈ ਵਾਲੀਵਾਰਸ ਹੈ ਨਾ ਕੋਈ ਪੁੱਛਗਿੱਛ ਕਰਨ ਵਾਲਾ ਹੈ। ਲੋਕ ਤਰਾਹ ਤਰਾਹ ਕਰ ਰਹੇ ਹਨ ਪਰ ਇਸ ਨੂੰ ਲੈ ਕੇ ਪ੍ਰਸ਼ਾਸ਼ਨ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਕਤ ਸਮੱਸਿਆਵਾਂ ਦੇ ਨਾਲ ਨਾਲ ਬਿਮਾਰੀਆਂ ਫੈਲਣ ਦੇ ਡਰ ਨੇ ਵੀ ਲੋਕਾਂ ਨੂੰ ਡਰਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਸਮੱਸਿਆਵਾਂ ਨੂੰ ਝੱਲਦੇ ਝੱਲਦੇ ਅੱਕ ਚੁੱਕੇ ਹਨ ਤੇ ਸੜਕਾਂ ਤੇ ਆਉਣ ਲਈ ਮਜਬੂਰ ਹਨ।























