

ਮਾਨਸਾ, 25 ਜੁਲਾਈ (ਬਲਜੀਤ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਲੀਕੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਅੱਗੇ ਤੋਰਦਿਆਂ ਮਿੰਨੀ ਟ੍ਰਾਈ-ਐਥਲੋਨ ਤਹਿਤ ਇਕੋ ਸਮੇਂ ਤਿੰਨ ਤਰ੍ਹਾਂ ਦੀਆਂ ਖੇਡਾਂ ਸਾਈਕਲਿੰਗ ਰੇਸ, ਮੈਰਾਥਨ ਦੌੜ ਅਤੇ ਪੈਦਲ ਚਾਲ ਕਰਵਾ ਕੇ ਮਾਨਸਾ ਜ਼ਿਲ੍ਹਾ ਪੰਜਾਬ ਵਿੱਚੋਂ ਮੋਹਰੀ ਬਣਨ ਜਾ ਰਿਹਾ ਹੈ। 28 ਜੁਲਾਈ ਨੂੰ ਕਰਵਾਈ ਜਾ ਰਹੀ ਇਸ ਵਕਾਰੀ ਮਿੰਨੀ ਟ੍ਰਾਈ-ਐਥਲੋਨ ਦੀ ਸ਼ੁਰੂਆਤ ਪੰਜਾਬ ਦੇ ਬਿਜਲੀ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਕਰਨਗੇ। ਇਹ ਜਾਣਕਾਰੀ ਅੱਜ ਬੱਚਤ ਭਵਨ ਵਿਖੇ ਸਮੂਹ ਪੱਤਰਕਾਰਾਂ ਨਾਲ ਪ੍ਰੈਸ ਕਾਨਫ਼ਰੰਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਮਿੰਨੀ ਟ੍ਰਾਈ-ਐਥਲੋਨ ਸਬੰਧੀ ਪੋਸਟਰ ਅਤੇ ਰੂਟ ਪਲਾਨ ਜਾਰੀ ਕਰਦਿਆਂ ਦਿੱਤੀ।
ਜ਼ਿਲ੍ਹਾ ਵਾਸੀਆਂ ਅਤੇ ਮੀਡੀਆ ਕਰਮੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਹ ਦੌੜਾਂ ਸਾਈਕਲ ਰੇਸ 25 ਕਿਲੋਮੀਟਰ, ਪੈਦਲ ਚਾਲ 10 ਮਿਲੋਮੀਟਰ ਅਤੇ ਮੈਰਾਥਨ ਦੌੜ 8 ਕਿਲੋਮੀਟਰ ਦੀਆਂ ਹੋਣਗੀਆਂ, ਜੋ ਮਾਨਸਾ ਦੀ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋਣਗੀਆਂ ਅਤੇ ਵੱਖ-ਵੱਖ ਪਿੰਡਾਂ ਰਾਹੀਂ ਗੁਜ਼ਰਦੀਆਂ ਹੋਈਆਂ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਸਮਾਪਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਸਕੂਲਾਂ ਦੇ ਖਿਡਾਰੀ, ਵਿਦਿਆਰਥੀ ਅਤੇ ਆਮ ਜਨਤਾ ਸ਼ਮੂਲੀਅਤ ਕਰੇਗੀ। ਇਸ ਸਮਾਗਮ ਦੌਰਾਨ ਜ਼ਿਲ੍ਹੇ ਨਾਲ ਸਬੰਧਤ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰਨ ਵਾਲੇ ਖਿਡਾਰੀ ਆਪਣੀਆਂ ਖੇਡਾਂ ਦੇ ਜੌਹਰ ਵਿਖਾਉਣਗੇ ਤਾਂ ਜੋ ਨੌਜਵਾਨ ਖ਼ਾਸਕਰ ਵਿਦਿਆਰਥੀ ਇਨ੍ਹਾਂ ਤੋਂ ਉਤਸ਼ਾਹਤ ਹੋ ਸਕਣ ਅਤੇ ਖ਼ੁਦ ਨੂੰ ਖੇਡਾਂ ਵੱਲ ਲਾ ਕੇ ਨਸ਼ੇ ਜਿਹੀਆਂ ਅਲਾਮਤਾਂ ਤੋਂ ਦੂਰ ਰਹਿ ਸਕਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੂਟ ਪਲਾਨ ਮੁਤਾਬਕ ਆਵਾਜਾਈ ਚਲਾ ਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ਜੋ ਇਹ ਖੇਡਾਂ ਸਫ਼ਲਤਾਪੂਰਵਕ ਸਿਰੇ ਚੜ੍ਹ ਸਕਣ।
ਮਿੰਨੀ ਟ੍ਰਾਈ ਐਥਲੋਨ ਦੇ ਰੂਟ ਪਲਾਨ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼ ਨੇ ਦੱਸਿਆ ਕਿ ਸਾਈਕਲਿੰਗ ਰੇਸ ਨਵੀਂ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਤਿੰਨ-ਕੋਣੀ ਤੋਂ ਹੁੰਦਿਆਂ ਮਾਨਸਾ ਕੈਂਚੀਆਂ, ਠੂਠਿਆਂਵਾਲੀ, ਭੈਣੀ ਬਾਘਾ ਅਤੇ ਕੈਨਾਲ ਭੈਣੀ ਬਾਘਾ ਤੱਕ ਅਤੇ ਇਸੇ ਰੂਟ ਅਨੁਸਾਰ ਵਾਪਸੀ ਕਰਦਿਆਂ ਮਾਨਸਾ ਕੈਂਚੀਆਂ ਤੋਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਪੁੱਜ ਕੇ ਸਮਾਪਤ ਹੋਵੇਗੀ। ਜਦ ਕਿ ਮੈਰਾਥਨ ਦੌੜ ਨਵੀਂ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਤਿੰਨ-ਕੋਣੀ, ਲਿੰਕ ਰੋਡ ‘ਤੇ ਸਥਿਤ ਪੈਟਰੌਲ ਪੰਪ, ਰਮਨ ਸਿਨੇਮਾ ਰੋਡ, ਮਾਨਸਾ ਖ਼ੁਰਦ, ਐਚ.ਐਸ. ਰੋਡ ਵੱਲ ਮੁੜਦੇ ਹੋਏ ਸਿਰਸਾ-ਬਰਨਾਲਾ ਮੇਨ ਰੋਡ ਤੋਂ ਹੁੰਦੇ ਹੋਏ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਰੂਟ ਪਲਾਨ ਮੁਤਾਬਕ ਪੈਦਲ ਚਾਲ ਨਵੀਂ ਅਨਾਜ ਮੰਡੀ ਤੋਂ ਸ਼ੁਰੂ ਹੋਵੇਗੀ ਅਤੇ ਓਵਰ ਬਰਿੱਜ, ਤਿੰਨ-ਕੋਣੀ, ਅਰਵਿੰਦ ਨਗਰ ਦੇ ਸਾਹਮਣਿਉਂ ਹੁੰਦੇ ਹੋਏ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਸਮਾਪਤ ਹੋਵੇਗੀ।
ਜ਼ਿਲ੍ਹੇ ਦੇ ਬਾਸ਼ਿੰਦਿਆਂ ਨੂੰ ਇਨ੍ਹਾਂ ਖੇਡਾਂ ਵਿੱਚ ਹੁੰਮਹੁਮਾ ਕੇ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਸ੍ਰੀ ਕਪਲਿਸ਼ ਨੇ ਕਿਹਾ ਕਿ ਕੌਮਾਂਤਰੀ ਮਨੋਵਿਗਿਆਨਕਾਂ ਦਾ ਮੰਨਣਾ ਹੈ ਕਿ ਸੈਰ ਕਰਨ ਨਾਲ ਸਾਡੀ ਜ਼ਿੰਦਗੀ ਵਿੱਚੋਂ 40 ਤੋਂ 50 ਫ਼ੀਸਦੀ ਤਣਾਅ ਘੱਟ ਜਾਂਦਾ ਹੈ ਅਤੇ ਪੰਜਾਬ ਦੇ ਸੰਦਰਭ ਵਿੱਚ ਲੋਕਾਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਅਜਿਹੀਆਂ ਖੇਡਾਂ ਵਿੱਚ ਇਸ ਲਈ ਵੀ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਹ ਮਾਨਸਿਕ ਪੱਖੋਂ ਤਕੜੇ ਹੋ ਕੇ ਆਪਣਾ ਜੀਵਨ ਚੰਗੇ ਪਾਸੇ ਲਾ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡ ਵਿਭਾਗ, ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ, ਸਰਦਾਰੀ ਔਨ ਟੌਪ, ਮਾਨਸਾ ਸਾਈਕਲ ਗਰੁੱਪ ਅਤੇ ਸਮੂਹ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਲਈ ਰਿਫ਼ਰੈਸਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਉਚੇਚੇ ਤੌਰ ‘ਤੇ ਦੱਸਿਆ ਕਿ ਇਸ ਮੌਕੇ ਸਰਦਾਰੀ ਔਨ ਟੌਪ ਗਰੁੱਪ ਦੇ ਮੈਂਬਰਾਂ ਵੱਲੋਂ ਗੱਤਕੇ ਦੇ ਜੌਹਰ ਵੀ ਵਿਖਾਏ ਜਾਣਗੇ।






















