
ਮਾਨਸਾ, 29 ਜੂਨ (ਹੀਰਾ ਸਿੰਘ ਮਿੱਤਲ ): ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸਮੱਸਿਆਵਾਂ ਤੋਂ ਮੁਕਤ ਕਰਨ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਪੁਰਾਣੀ ਅਨਾਜ ਮੰਡੀ ਅਤੇ ਗੁਰਦੁਆਰਾ ਚੌਂਕ ਨੇੜਲੀ ਮਾਰਕਿਟ ਦਾ ਦੌਰਾ ਕੀਤਾ ਅਤੇ ਇੱਥੇ ਵੱਖ—ਵੱਖ ਥਾਵਾਂ ਦਾ ਜਾਇਜ਼ਾ ਲੈਂਦਿਆਂ ਨਵੀਆਂ ਉਸਾਰੀਆਂ ਅਤੇ ਹੋਰ ਸੁਵਿਧਾਵਾਂ ਕਰਨ ਸਬੰਧੀ ਯੋਜਨਾਬੰਦੀ ਕੀਤੀ। ਇਸ ਦੌਰਾਨ ਉਨ੍ਹਾਂ ਦੁਕਾਨਦਾਰਾਂ ਅਤੇ ਰੇਹੜ੍ਹੀ ਵਾਲਿਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਸ੍ਰੀ ਧਾਲੀਵਾਲ ਨੇ ਸ਼ਹਿਰ ਵਾਸੀਆਂ ਅਤੇ ਦੁਕਾਰਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਦਿਆਂ ਕਿਹਾ ਕਿ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਰੇਹੜ੍ਹੀ ਲਾਉਣ ਵਾਲਿਆਂ ਲਈ ਅਲੱਗ ਜਗ੍ਹਾ ਬਣਾਉਣ ਲਈ ਸੰਭਵ ਯਤਨ ਕੀਤੇ ਜਾਣਗੇ। ਟਰੈਫਿਕ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਪਾਰਕਿੰਗ ਦਾ ਹੱਲ ਕਰਨ ਦਾ ਵੀ ਭਰੋਸਾ ਦਿਵਾਇਆ। ਸ਼ਹਿਰ ਦੇ ਬਾਜ਼ਾਰ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਸ਼ਹਿਰ ਵਿਚ ਫੁੱਲ ਪੌਦੇ ਲਗਾਉਣ ਲਈ ਵੀ ਜਗ੍ਹਾ ਦੀ ਯੋਜਨਾਬੰਦੀ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਨੂੰ ਹਰਾ ਭਰਿਆ ਬਣਾਇਆ ਜਾ ਸਕੇ।
ਪ੍ਰਧਾਨ ਨਗਰ ਕੌਂਸਲ ਸ੍ਰੀ ਮਨਦੀਪ ਗੋਰਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਦੁਕਾਨਦਾਰਾਂ ਅਤੇ ਰੇਹੜ੍ਹੀ ਵਾਲਿਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਿਰ ਦੀ ਟਰੈਫਿ਼ਕ ਸਮੱਸਿਆ ਦਾ ਯੋਗ ਹੱਲ ਲੱਭਣ ਦੇ ਯਤਨ ਕੀਤੇ ਜਾਣਗੇ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਮੀਤ ਪ੍ਰਧਾਨ ਨਗਰ ਕੌਂਸਲ ਸ੍ਰੀ ਗੁਰਦੀਪ ਸਿੰਘ ਦੀਪਾ, ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰਦੀਪ ਸਿੰਘ ਦੀਪ, ਐਮ.ਸੀ. ਸ੍ਰੀ ਪ੍ਰੇਮ ਸਾਗਰ ਭੋਲਾ, ਐਮ.ਸੀ. ਸ੍ਰੀ ਰਮੇਸ਼ ਕੁਮਾਰ ਰਾਜੀ, ਲੇਖਾਕਾਰ ਨਗਰ ਕੌਂਸਲ ਸ੍ਰੀ ਅਮ੍ਰਿਤਪਾਲ ਸਿੰਘ, ਜੇ.ਈ. ਨਗਰ ਕੌਂਸਲ ਸ੍ਰੀ ਬੇਅੰਤ ਸਿੰਘ, ਮੁਖਤਿਆਰ ਟੇਲਰ, ਸਿਕੰਦਰ ਟੇਲਰ, ਅਤੇ ਨਗਰ ਕੌਂਸਲ ਸਟਾਫ਼ ਤੋਂ ਇਲਾਵਾ ਹੋਰ ਸ਼ਹਿਰ ਵਾਸੀ ਹਾਜ਼ਰ ਸਨ।
EDITED BY : SARA YAHA | | Last Updated :29 June 2018
EDITED BY : SARA YAHA | | Last Updated :29 June 2018






















