ਮਿਸ਼ਨ ਤੰਦਰੁਸਤ ਪੰਜਾਬ: ਸਿਹਤ ਵਿਭਾਗ ਨੇ ਕੀਤੀ ਭੋਜਨ ਪਦਾਰਥਾਂ ਦੀ ਜਾਂਚ

0
3

ਮਾਨਸਾ, 12 ਜੂਨ (ਬਲਜੀਤ ਸ਼ਰਮਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਸ਼ੁਰੂ ਕੀਤੀ ਮੁਹਿੰਮ ਤੰਦਰੁਸਤ ਪੰਜਾਬ ਦਾ ਮੰਤਵ ਹਰ ਨਾਗਰਿਕ ਨੂੰ ਸਿਹਤਮੰਦ ਬਣਾਉਣਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡਾ. ਸੁਰਿੰਦਰ ਸਿੰਘ ਸਿਵਲ ਸਰਜਨ ਮਾਨਸਾ ਨੇ ਸ਼ਹਿਰ ਵਿਚਲੀਆਂ ਭੋਜਨ ਪਦਾਰਥ ਸਮੱਗਰੀ ਦੀਆਂ ਵੱਖ ਵੱਖ ਦੁਕਾਨਾਂ ਦੀ ਚੈਕਿੰਗ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਦੇ ਆਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫ਼ਲ ਬਣਾਉਣ ਦੀ ਕੋਸ਼ਿਸ਼ ਸਦਕਾ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਹਿਰ ਦੀਆਂ 30 ਦੁਕਾਨਾਂ, 8 ਸਬਜ਼ੀ ਦੀਆਂ ਰੇਹੜ੍ਹੀਆਂ ਅਤੇ ਲਗਭਗ 7 ਹਲਵਾਈਆਂ ਦੀਆਂ ਰੇਹੜੀਆਂ ਤੇ ਚੈਕਿੰਗ ਕਰਨ ਦੌਰਾਨ ਗਲੇ ਸੜੇ ਅਤੇ ਨਾਵਰਤੋਯੋਗ ਪਦਾਰਥਾਂ ਨੂੰ ਮੌਕੇ ਤੇ ਹੀ ਸੁਟਵਾਇਆ ਗਿਆ।
ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਦਾ ਉਦੇਸ਼ ਇਕ ਅਜਿਹੀ ਕਾਰਜਪ੍ਰਣਾਲੀ ਅਤੇ ਵਾਤਾਵਰਨ ਸਿਰਜਣਾ ਹੈ ਜਿਸ ਨਾਲ ਹਰ ਨਾਗਰਿਕ ਨੂੰ ਅਜਿਹਾ ਮਹੌਲ ਅਤੇ ਵਾਤਾਵਰਨ ਮਿਲੇ ਕਿ ਤੰਦਰੁਸਤ ਪੰਜਾਬ ਦਾ ਸੁਪਨਾ ਸਾਕਾਰ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨੂੰ ਕਾਮਯਾਬ ਬਣਾਉਣ ਲਈ ਸਿਹਤ ਪ੍ਰੋਗਰਾਮਾਂ ਉੱਤੇ ਸੁਚੱਜਾ ਅਮਲ ਵੀ ਯਕੀਨੀ ਬਣਾਇਆ ਜਾਵੇਗਾ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਸ਼੍ਰੀ ਸੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਜਾਂਚ ਦੌਰਾਨ ਬੱਸ ਸਟੈਂਡ, ਰੇਲਵੇ ਫਾਟਕ ਅਤੇ ਬਾਰਾਂ ਹੱਟਾਂ ਚੌਂਕ ਵਿਚ 50 ਕਿੱਲੋ ਦੇ ਕਰੀਬ ਨਾ ਖਾਣ ਯੋਗ ਭੋਜਨ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਮਾਨਸਾ ਸ਼ਹਿਰ ਵਿੱਚ ਕਿਸੇ ਵੀ ਵਿਕਰੇਤਾਂ ਨੂੰ ਮਾੜੀ ਕਿਸਮ ਦਾ ਭੋਜਨ ਪਦਾਰਥ ਨਹੀਂ ਵੇਚਣ ਦਿੱਤਾ ਜਾਵੇਗਾ ।
ਉਹਨਾਂ ਦੱਸਿਆ ਕਿ ਪੁਰਾਣੇ ਗਲੇ ਸੜੇ ਫਲ, ਸਬਜ਼ੀਆਂ ਜਾਂ ਇਸ ਤਰਾਂ ਦੀਆਂ ਹੋਰ ਖਾਣ ਵਾਲੀਆਂ ਚੀਜ਼ਾਂ ਜੋ ਕਿ ਸਿਹਤ ਲਈ ਨੁਕਸਾਨਦਾਇਕ ਹਨ ਨੂੰ ਵੇਚਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਫਾਸਟ ਫੂਡ ਵਿਚ ਵਰਤੀਆਂ ਜਾਂਦੀਆਂ ਗਲੀਆਂ ਸੜੀਆਂ ਸਬਜ਼ੀਆਂ ਜੋ ਕਿ ਸਿਹਤ ਲਈ ਹਾਨੀਕਾਰਨ ਹਨ ਦੀ ਵਰਤੋ  ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਉਣੀ ਯਕੀਨੀ ਬਣਾਈ ਜਾਵੇਗੀ।
ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਿਸ਼ਨ ਤਹਿਤ ਅਗਲੇਰੀ ਕਾਰਵਾਈ ਵੀ ਜਾਰੀ ਰਹੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਹੋਵੇ।


EDITED BY : SARA YAHA | | Last Updated :12 June 2018

LEAVE A REPLY

Please enter your comment!
Please enter your name here