

ਮਾਨਸਾ, 1 ਅਗਸਤ (ਬਲਜੀਤ ਸ਼ਰਮਾ) : ਸਵੱਛ ਭਾਰਤ ਅਭਿਆਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਆਪਣੇ ਦਫ਼ਤਰ ਤੋਂ ਸਫਾਈ ਪੰਦਰਵਾੜੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ 1 ਤੋਂ 15 ਅਗਸਤ ਤੱਕ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਹ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਜ਼ਿਲ੍ਹੇ ਦੇ ਸਾਰੇ ਐਸ.ਐਮ.ਓਜ਼. ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਸਿਹਤ ਸੰਸਥਾ ਅਧੀਨ ਇੱਕ ਮੈਡੀਕਲ ਅਫ਼ਸਰ ਨੂੰ ਇਸ ਪ੍ਰੋਗਰਾਮ ਦਾ ਨੋਡਲ ਅਫਸਰ ਅਤੇ ਆਪਣੀ ਸੰਸਥਾ ਅਧੀਨ ਆਉਂਦੇ ਬੀ.ਈ.ਈ. ਨੂੰ ਇਸ ਦਾ ਸਹਾਇਕ ਅਫ਼ਸਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਆਪਣੇ ਕੰਮ ਤੋਂ ਇਲਾਵਾ ਸਫਾਈ ਦੇ ਕੰਮਾਂ ਬਾਰੇ ਹਦਾਇਤਾਂ ਦੇਣਾ ਅਤੇ ਸਫਾਈ ਦੇ ਕੰਮ ਨੂੰ ਅਮਲੀਜਾਮਾ ਪਹਿਨਾਉਣਾ ਨੋਡਲ ਅਫ਼ਸਰ ਦੀ ਨਿਗਰਾਨੀ ਦਾ ਅਹਿਮ ਹਿੱਸਾ ਹੋਵੇਗਾ। ਨਿਯੁਕਤ ਨੋਡਲ ਅਫਸਰ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਰਿਪੋਰਟ 4-4 ਤਸਵੀਰਾਂ ਸਮੇਤ ਜ਼ਿਲ੍ਹਾ ਪੱਧਰ ‘ਤੇ ਭੇਜਣੀ ਲਾਜ਼ਮੀ ਹੋਵੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਸਫਾਈ ਦੇ ਨਾਲ-ਨਾਲ ਮੈਦਾਨਾਂ ਦੀ ਸਫਾਈ, ਮੈਡੀਕਲ ਵੇਸਟੇਜ ਦੇ ਪ੍ਰਬੰਧਾਂ ਨੂੰ ਇਸ ਪੰਦਰਵਾੜੇ ਦੌਰਾਨ ਸਮਝਣ ਅਤੇ ਇਸ ਸਬੰਧੀ ਨਿਯਮ ਲਾਗੂ ਕਰਨ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਵੇਸਟੇਜ ਦੇ ਪ੍ਰਬੰਧਾਂ ‘ਤੇ ਖ਼ਾਸ ਨਜ਼ਰ ਰੱਖੀ ਜਾਵੇ। ਉਨ੍ਹਾਂ ਪੈਰਾ ਮੈਡੀਕਲ ਕਾਮਿਆਂ ਨੂੰ ਹਦਾਇਤ ਕੀਤੀ ਕਿ ਉਹ ਕੰਮ ਕਰਦੇ ਸਮੇਂ ਦਸਤਾਨੇ, ਮਾਸਕ ਦੀ ਵਰਤੋਂ ਜ਼ਰੂਰ ਕਰਨ। ਪਿੰਡਾਂ ਦੇ ਸਾਰੇ ਸਬ ਸੈਂਟਰਾਂ, ਮਿੰਨੀ ਮੁੱਢਲੀਆਂ ਸਿਹਤ ਸੰਸਥਾਵਾਂ ਦੇ ਪੈਰਾਮੈਡੀਕਲ ਸੁਪਰਵਾਈਜ਼ਰੀ ਸਟਾਫ ਅਤੇ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਿਹਤ ਸਬੰਧੀ ਕੈਂਪ ਲਾ ਕੇ ਲੋਕਾਂ ਨੂੰ ਇਸ ਦੀ ਮਹੱਤਤਾ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਵੱਲੋਂ ਆਪਣੀ-ਆਪਣੀ ਜ਼ਿੰਮੇਵਾਰੀ ਸਮਝਣ ਨਾਲ ਸਵੱਛ ਭਾਰਤ ਅਤੇ ਤੰਦਰੁਸਤ ਪੰਜਾਬ ਮਿਸ਼ਨ ਦਾ ਸੁਪਨਾ ਸਾਕਾਰ ਹੋ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਆਸ਼ਾ ਕਿਰਨ, ਜ਼ਿਲ੍ਹਾ ਸਿਹਤ ਅਫਸਰ ਡਾ. ਮਨੋਹਰ ਲਾਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸੰਜੀਵ ਓਬਰਾਏ ਤੋਂ ਇਲਾਵਾ ਸਾਰੀਆਂ ਬਰਾਚਾਂ ਦੇ ਸੁਪਰਡੈਂਟ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
EDITED BY : SARA YAHA | | Last Updated : 6:54 pm 1 AUGUST 2018






















