

ਮਾਨਸਾ, 05 ਮਾਰਚ (ਸਾਰਾ ਯਹਾ,(ਹੀਰਾ ਮਿੱਤਲ): ਪੰਜਾਬ ਸਰਕਾਰ ਦੁਆਰਾ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਲੋਕਾਂ ਨੂੰ ਸ਼ੁੱਧ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਲਈ ਰਾਜ ਵਿਚ ਸਮੂਹ ਫੂਡ ਬਿਜਨਸ ਆਪਰੇਟਰਾਂ ਅਤੇ ਅਦਾਰਿਆਂ ਨੂੰ ਫੂਡ ਸੇਫਟੀ ਟਰੇਨਿੰਗ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਤਹਿਤ ਰਾਜ ਵਿਚ ਕੰਮ ਕਰਦੇ ਸਮੂਹ ਫੂਡ ਬਿਜਨਸ ਆਪ੍ਰੇਟਰਾਂ ਦੀ ਸ਼ਨਾਖਤ ਕਰਨ ਲਈ ਵਿਸ਼ੇਸ਼ ਸਰਵੇ ਕੀਤਾ ਜਾਵੇਗਾ ਅਤੇ ਇਸ ਆਧਾਰ ਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਇਨਾਂ ਦੀ ਟਰੇਨਿੰਗ ਕਰਵਾਈ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਫੂਡ) ਸ੍ਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਇਸ ਮੰਤਵ ਲਈ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਟਰੇਨਿੰਗ ਲਈ ਵੱਖ-ਵੱਖ ਕੰਪਨੀਆਂ ਨਾਲ ਸਮਝੌਤਾ ਕੀਤਾ ਗਿਆ ਹੈ ਜੋ ਕਿ ਹਰ ਜ਼ਿਲੇ ਵਿਚ ਫੂਡ ਬਿਜਨਸ ਆਪ੍ਰੇਟਰਾਂ ਨੂੰ ਸਵੱਛ ਖਾਣਪੀਣ ਅਤੇ ਇਸ ਦੇ ਰੱਖ-ਰਖਾਵ ਦੀ ਟਰੇਨਿੰਗ ਦੇਣਗੀਆਂ। ਜ਼ਿਲਾ ਮਾਨਸਾ ਵਿਚ ਇਹ ਪ੍ਰੋਗਰਾਮ 15 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹਰ ਇਕ ਮੈਨੂਫੈਕਚਰ, ਹਲਵਾਈ, ਬੇਕਰੀ, ਹੋਟਲ, ਰੈਸਟੋਰੈਂਟ, ਕਰਿਆਣਾ, ਕੇਟਰਿੰਗ, ਡੇਅਰੀ ਆਦਿ ਲਈ ਸਿਹਤ ਵਿਭਾਗ ਤੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਲਾਇਸੈਂਸ ਲੈਣਾ ਲਾਜ਼ਮੀ ਕਰ ਦਿੱਤਾ ਹੈ ਜਿਸ ਲਈ ਇਸ ਕਿਸਮ ਦੀ ਟਰੇਨਿੰਗ ਪ੍ਰਾਪਤ ਕਰਨਾ ਲਾਜ਼ਮੀ ਹੈ। ਇਸ ਯੋਜਨਾ ਤਹਿਤ ਵਿਭਾਗ ਹੁਣ ਸਮੂਹ ਦੁਕਾਨਾਂ, ਅਦਾਰਿਆਂ ਦਾ ਸਰਵੇ ਕਰੇਗਾ ਅਤੇ ਉਨਾਂ ਨੂੰ ਟਰੇਨਿੰਗ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕਰੇਗਾ। ਉਨਾਂ ਦੱਸਿਆ ਕਿ ਜ਼ਿਲਾ ਮਾਨਸਾ ਵਿਚ ਉਕਤ ਟਰੇਨਿੰਗ ਲਈ ਮੈਸ: ਇੰਨਦਰਪ੍ਰਸਤ ਅਕੈਡਮੀ ਫਾਊਂਡੇਸ਼ਨ ਨੋਇਡਾ ਨਾਲ ਕਰਾਰ ਕੀਤਾ ਗਿਆ ਹੈ ਜੋ ਕਿ ਹਰੇਕ ਫੂਡ ਬਿਜਨਸ ਆਪ੍ਰੇਟਰ ਪਾਸੋਂ ਬਣਦੀ ਫੀਸ ਵਸੂਲ ਕਰਨਗੇ।
ਉਨਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਉਕਤ ਟਰੇਨਿੰਗ ਜਰੂਰ ਹਾਸਲ ਕੀਤੀ ਜਾਵੇ ਅਤੇ ਐਕਟ ਅਨੁਸਾਰ ਫੂਡ ਅਥਾਰਟੀ ਵੱਲੋਂ ਪ੍ਰਮਾਣਿਤ ਖੁਰਾਕ ਵਸਤਾਂ ਹੀ ਵੇਚੀਆਂ ਜਾਣ। ਉਨਾਂ ਅਪੀਲ ਕੀਤੀ ਕਿ ਮਿਲਾਵਟਖੋਰਾਂ ਬਾਰੇ ਵਿਭਾਗ ਨੂੰ ਜਰੂਰ ਜਾਣਕਾਰੀ ਦਿੱਤੀ ਜਾਵੇ। ਉਨਾਂ ਕਿਹਾ ਕਿ ਫੂਡ ਸੈਂਪਲਿੰਗ ਅਤੇ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ।
EDITED BY : SARA YAHA | | Last Updated : 7:38 pm 5 ਮਾਰਚ 2019






















