

ਭਵਾਨੀਗੜ੍ਹ(ਸਾਰਾ ਯਹਾ )—ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਐੈੱਮ. ਪੀ. ਕੋਟੇ ‘ਚੋਂ ਪਿੰਡ ਘਰਾਚੋਂ ਵਿਚ ਲਾਇਬ੍ਰੇਰੀ ਬਣਾਉਣ ਵਾਸਤੇ ਪਚੰਾਇਤ ਦੇ ਖਾਤੇ ‘ਚ ਆਈ 10 ਲੱਖ ਰੁਪਏ ਦੀ ਗ੍ਰਾਂਟ ‘ਚੋਂ ਪਿੰਡ ਦੇ ਸਰਪੰਚ ‘ਤੇ 2 ਲੱਖ ਰੁਪਏ ਕੱਢਵਾਉਣ ਦੇ ਦੋਸ਼ ਹਨ। ਲਾਇਬ੍ਰੇਰੀ ਦਾ ਮੁਆਇਨਾ ਕਰਨ ਲਈ ਪਿੰਡ ਘਰਾਚੋਂ ਪਹੁੰਚੇ ਐੈੱਮ. ਪੀ. ਭਗਵੰਤ ਮਾਨ ਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਪੰਚਾਇਤ ਵੱਲੋਂ 2 ਲੱਖ ਰੁਪਏ ਕੱਢਵਾ ਕੇ ਆਪਣੇ ਨਿੱਜੀ ਕੰਮਾਂ ਲਈ ਵਰਤ ਲਏ ਹਨ ਅਤੇ ਲਾਇਬ੍ਰੇਰੀ ਦਾ ਕੋਈ ਵੀ ਕੰਮ ਸ਼ੁਰੂ ਨਹੀਂ ਕੀਤਾ ਗਿਆ। ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਲਾਇਬ੍ਰੇਰੀ ਦਾ ਕੰਮ ਸ਼ੁਰੂ ਕਰਵਾਏ ਬਿਨਾਂ 2 ਲੱਖ ਰੁਪਏ ਕੱਢਵਾਏ ਗਏ ਹਨ, ਜਿਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ । ਮਾਨ ਨੇ ਕਿਹਾ ਕਿ ਪਿੰਡ ਦੇ ਸਰਪੰਚ ਨੇ ਲੋਕਾਂ ਦੇ ਇਕੱਠ ਵਿਚ ਕਿਹਾ ਹੈ ਕਿ ਮੈਂ ਇਹ 10 ਲੱਖ ਰੁਪਏ ਦੀ ਗ੍ਰਾਂਟ ਨਹੀਂ ਲਾਉਣੀ, ਜੇ ਮੈਂ ਇਹ ਗ੍ਰਾਂਟ ਲਾਇਬ੍ਰੇਰੀ ਬਣਾਉਣ ਲਈ ਕੱਢਵਾਉਂਦਾ ਹਾਂ ਤਾਂ ਮੇਰੇ ਮੈਂਬਰ ਨਾਰਾਜ਼ ਹੁੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕਢਵਾਏ ਗਏ ਪੈਸੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ‘ਤੇ ਕਾਰਵਾਈ ਕੀਤੀ ਜਾਵੇਗੀ। 15 ਮਈ ਨੂੰ 20 ਦਿਨ ਦਾ ਨੋਟਿਸ ਦੇ ਕੇ ਅਤੇ ਪੂਰੇ ਪਿੰਡ ਵਿਚ ਅਨਾਊਂਸਮੈਂਟ ਕਰਵਾ ਕੇ ਗ੍ਰਾਮ ਸਭਾ ਬੁਲਾਈ ਜਾਵੇਗੀ ਅਤੇ ਲੋਕਾਂ ਨੂੰ ਪੁੱਛਿਆ ਜਾਵੇਗਾ ਕਿ ਉਹ ਲਾਇਬ੍ਰੇਰੀ ਬਣਾਉਣ ਦੇ ਹੱਕ ‘ਚ ਹਨ ਜਾਂ ਨਹੀਂ। ਮਾਨ ਨੇ ਕਿਹਾ ਕਿ ਜੇ ਲੋਕਾਂ ਦਾ ਬਹੁਮਤ ਲਾਇਬ੍ਰੇਰੀ ਬਣਾਉਣ ਵੱਲ ਹੋਇਆ ਤਾਂ ਉਸੇ ਦਿਨ ਪੂਰੀ ਪੰਚਾਇਤ ਨੂੰ ਸਸਪੈਂਡ ਕੀਤਾ ਜਾਵੇਗਾ।
ਗ੍ਰਾਂਟ ਦੇ ਪੈਸੇ ‘ਚ ਕੋਈ ਹੇਰ-ਫੇਰ ਨਹੀਂ ਹੋਇਆ : ਬੀ. ਡੀ. ਪੀ. ਓ.
ਜਦੋਂ ਇਸ ਸਬੰਧੀ ਬੀ. ਡੀ. ਪੀ. ਓ. ਪ੍ਰਵੇਸ਼ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐੈੱਮ. ਪੀ. ਕੋਟੇ. ਵਿਚੋਂ ਆਈ ਗ੍ਰਾਂਟ ਦੇ ਪੈਸੇ ‘ਚ ਕੋਈ ਹੇਰ-ਫੇਰ ਨਹੀਂ ਹੋਇਆ। ਲਾਇਬ੍ਰੇਰੀ ਦੇ ਕੰਮ ਸ਼ੁਰੂ ਕਰਵਾਉਣ ਲਈ ਅਸੀਂ ਮਤਾ ਪਾਸ ਕੀਤਾ ਸੀ। ਜੇਕਰ ਫਿਰ ਵੀ ਕੋਈ ਗ੍ਰਾਂਟ ਦੇ ਪੈਸੇ ‘ਚ ਹੇਰ-ਫੇਰ ਹੋਈ ਤਾਂ ਬਣਦੀ ਕਾਰਵਾਈ ਕੀਤੀ ਜਾਵਗੀ ।
ਮੇਰੇ ‘ਤੇ ਲਾਏ ਦੋਸ਼ ਝੂਠੇ ਅਤੇ ਬੇਬੁਨਿਆਦ : ਸਰਪੰਚ
ਦੂਜੇ ਪਾਸੇ ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਐੱਮ. ਪੀ. ਭਗਵੰਤ ਮਾਨ ਵੱਲੋਂ ਮੇਰੇ ‘ਤੇ ਲਾਏ ਗਏ ਦੋਸ਼ ਝੂਠੇ ਹਨ। ਲਾਇਬ੍ਰੇਰੀ ‘ਤੇ 10 ਲੱਖ ਰੁਪਏ ਗ੍ਰਾਂਟ ਨਾ ਲਾਉਣ ਵਾਲੀ ਕੋਈ ਗੱਲ ਨਹੀਂ ਹੈ। ਅਸੀਂ ਖੁਦ ਲਾਇਬ੍ਰੇਰੀ ਬਣਾਉਣ ਦੇ ਹੱਕ ਵਿਚ ਹਾਂ। ਉਨ੍ਹਾਂ ਦੱਸਿਆ ਕਿ ਮਾਨ ਦੇ ਪੀ. ਏ. ਵੱਲੋਂ ਲਾਇਬ੍ਰੇਰੀ ਬਣਾਉਣ ਲਈ ਜਗ੍ਹਾ ਦਾ ਨਿਰੀਖਣ ਵੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਸਾਨੂੰ ਲਾਇਬ੍ਰੇਰੀ ਦਾ ਕੰਮ ਸ਼ੁਰੂ ਕਰਵਾਉਣ ਲਈ ਕਿਹਾ ਸੀ, ਜਿਸ ਦਾ ਸਾਡੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀ ਅਤੇ ਕੰਮ ਨੂੰ ਸ਼ੁਰੂ ਕਰਵਾਉਣ ਲਈ ਪੈਸੇ ਕੱਢਵਾਏ ਗਏ ਸਨ ਪਰ ਲਾਇਬ੍ਰੇਰੀ ਦੇ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਹੀ ਪਿੰਡ ਦੇ ਦੋ ਸ਼ਰਾਰਤੀ ਪੰਚਾਇਤ ਮੈਂਬਰਾਂ ਨੇ ਕੁੱਝ ਲੋਕਾਂ ਨੂੰ ਨਾਲ ਲੈ ਕੇ ਇਹ ਮੁੱਦਾ ਖੜ੍ਹਾ ਕਰ ਦਿੱਤਾ ਕਿ ਲਾਇਬ੍ਰੇਰੀ ਬਣਾਉਣ ਵਾਸਤੇ ਮੇਨ ਰੋਡ ‘ਤੇ ਜਗ੍ਹਾ ਨਹੀਂ ਦੇਣੀ। ਪਿੰਡ ਵਿਚ ਲਾਇਬ੍ਰੇਰੀ ਬਣਾਉਣ ਵਾਸਤੇ ਮੇਰੀ ਪੂਰੀ ਪੰਚਾਇਤ ਨੂੰ ਕੋਈ ਇਤਰਾਜ਼ ਨਹੀਂ ਹੈ। ਮੇਰੇ ‘ਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਾਹੀ ਹੈ ਅਤੇ 15 ਮਈ ਨੂੰ ਬੁਲਾਈ ਗਈ ਗ੍ਰਾਮ ਸਭਾ ‘ਚ ਅਸੀਂ ਹਾਜ਼ਰ ਹੋਵਾਂਗੇ।























