

ਮਾਨਸਾ, 22 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ ): 23 ਮਾਰਚ ਨੂੰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸ਼ਨੀਵਾਰ ਸ਼੍ਰਮਦਾਨ ਮਿਸ਼ਨ ਸਵੇਰੇ 6:30 ਵਜੇ ਸਥਾਨਕ ਬੱਚਤ ਭਵਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਮਾਨਸਾ ਸ਼ਹਿਰ ਦੀ ਸਫਾਈ ਕੀਤੀ ਜਾਵੇਗੀ। ਇਸ ਸਬੰਧੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਨੂੰ ਸਾਫ ਸੁਥਰਾ ਰੱਖਣ ਲਈ ਇਹ ਮੁਹਿੰਮ ਵਿੱਢੀ ਗਈ ਹੈ।
ਇਸ ਮੁਹਿੰਮ ਤਹਿਤ ਜ਼ਿਲ੍ਹਾ ਮਾਨਸਾ ‘ਚ ਵੱਖ ਵੱਖ ਥਾਵਾਂ ‘ਤੇ ਲਗਾਤਾਰ ਛੇ ਹਫਤੇ ਤੱਕ ਸਫਾਈ ਕੀਤੀ ਜਾਵੇਗੀ ਜਿਸ ਵਿਚ ਸਾਰੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਆਪਣਾ ਹਿੱਸਾ ਪਾਉਣਗੇ। ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਹਿਰ ਦੇ ਤਿੰਨ ਕੋਨੀ ਚੌਂਕ, ਲਿੰਕ ਰੋਡ, ਕੋਰਟ ਰੋਡ, ਸਿਨੇਮਾ ਰੋਡ, 12 ਹੱਟਾਂ ਚੌਂਕ ਅਤੇ ਸਬਜੀ ਮੰਡੀ ਦੇ ਆਸ ਪਾਸ ਦੇ ਇਲਾਕਿਆਂ ਦੀ ਸਫ਼ਾਈ ਕੀਤੀ ਜਾਵੇਗੀ ਜਿਸ ਲਈ ਸਬੰਧਤ ਵਿਭਾਗਾਂ ਨੂੰ ਏਰੀਏ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਰੇਹੜ੍ਹੀ ਵਾਲਿਆਂ ਨੂੰ ਡਸਟਬਿਨ ਵੰਡੇ ਜਾਣਗੇ ਅਤੇ ਉਹ ਆਪਣਾ ਕੂੜਾ ਕਰਕਟ ਇਨ੍ਹਾਂ ਡਸਟਬਿਨਾਂ ਵਿਚ ਪਾਉਣਗੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਅਗਲੇਰੀ ਚੈਕਿੰਗ ਦੌਰਾਨ ਉਨ੍ਹਾਂ ਦਾ ਚਲਾਣ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਬੰਧਤ ਵਿਭਾਗ ਅਗਲੇ ਹਫ਼ਤੇ ਤੱਕ ਮੋਨੀਟਰਿੰਗ ਵੀ ਕਰਨਗੇ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋ ਨਾ ਕਰਨ ਅਤੇ ਦੁਕਾਨਾਂ ਅੱਗੇ ਹੁੰਦੇ ਨਜਾਇਜ ਕਬਜੇ ਹਟਾਉਣ ਲਈ ਵੀ ਹਦਾਇਤ ਕੀਤੀ ਜਾਵੇਗੀ।
ਉਨ੍ਹਾਂ ਕਾਰਜਸਾਧਕ ਅਫਸਰ ਨਗਰ ਕਾਊਂਸਲ ਮਾਨਸਾ ਨੂੰ ਹਦਾਇਤ ਕੀਤੀ ਕਿ ਉਹ ਸ਼੍ਰਮਦਾਨ ‘ਚ ਭਾਗ ਲੈਣ ਵਾਲੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਫ਼ਾਈ ਲਈ ਦਸਤਾਨੇ, ਕੂੜਾ ਇਕੱਠਾ ਕਰਨ ਲਈ ਬੈਗ ਆਦਿ ਮੁਹੱਈਆ ਕਰਵਾਉਣਗੇ। ਇਸ ਮੌਕੇ ਸਾਰੇ ਅਫਸਰਾਂ ਅਤੇ ਕਰਮਚਾਰੀਆਂ ਵਲੋਂ ਫਰਜ਼ ਪ੍ਰਤੀ ਤਨਦੇਹੀ, ਨਿਰਸਵਾਰਥ ਅਤੇ ਸਮਰਪਣ ਸਬੰਧੀ ਸਹੁੰ ਵੀ ਚੁੱਕੀ ਜਾਵੇਗੀ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ. ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ. ਆਦਿੱਤਯ ਢਚਵਾਲ, ੇ ਐਸ.ਡੀ.ਐਮ. ਸਰਦੂਲਗੜ੍ਹ ਸ. ਲਤੀਫ਼ ਅਹਿਮਦ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਦਿਨੇਸ਼ ਵਸ਼ਿਸ਼ਟ, ਡੀ.ਐਸ.ਪੀ. (ਹੈਡਕੁਆਰਟਰ) ਸ. ਸਰਬਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।






















