ਮਾਨਸਾ, 23 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ)
ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁਢਲਾਡਾ ਵਿਖੇ ਕਰੀਬ 01.90 ਕਰੋੜ ਰੁਪਏ ਦੀ ਲਾਗਤ ਨਾਲ ਫਾਇਰ ਸਟੇਸ਼ਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਬੁਢਲਾਡਾ ਹਲਕੇ ਦੀ ਮੰਗ ‘ਤੇ ਪਹਿਲਾਂ ਫਾਇਰ ਬ੍ਰਿਗੇਡ ਮੁਹੱਈਆ ਕਰਵਾਈ ਗਈ ਸੀ ਤੇ ਹੁਣ ਫਾਇਰ ਸਟੇਸ਼ਨ ਦੇਣ ਦਾ ਵਾਅਦਾ ਵੀ ਪੂਰਾ ਕੀਤਾ ਗਿਆ ਹੈ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਗਰਾਂਟ ਨਾਲ ਫਾਇਰ ਸਟੇਸ਼ਨ ਦੀ ਉਸਾਰੀ ਕੀਤੀ ਜਾਵੇਗੀ, ਜਿੱਥੇ ਫਾਇਰ ਬ੍ਰਿਗੇਡ ਗੱਡੀਆਂ ਖੜ੍ਹਨ ਲਈ ਸ਼ੈੱਡ ਤੋਂ ਇਲਾਵਾ ਮਰਦ ਅਤੇ ਔਰਤ ਸਟਾਫ ਲਈ ਅਲੱਗ ਅਲੱਗ ਰਿਹਾਇਸ਼ ਦਾ ਪ੍ਰਬੰਧ ਹੋਵੇਗਾ। ਫਾਇਰ ਸਟੇਸ਼ਨ ਬਣਨ ਨਾਲ ਬੁਢਲਾਡਾ ਹਲਕੇ ਦੇ ਲੋਕਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਮਦਦ ਮਿਲੇਗੀ।
ਉਨ੍ਹਾਂ ਦੱਸਿਆ ਕਿ ਐਮਰਜੈਂਸੀ ਦੀ ਸਥਿਤੀ ਵਿਚ ਪਹਿਲਾਂ ਅੱਗ ਬੁਝਾਊ ਗੱਡੀਆਂ ਮਾਨਸਾ ਤੋਂ ਆਉਂਦੀਆਂ ਸਨ, ਜਿੰਨ੍ਹਾਂ ਦੇ ਪਹੁੰਚਣ ‘ਤੇ ਸਮਾਂ ਲੱਗਣ ਨਾਲ ਨੁਕਸਾਨ ਜ਼ਿਆਦਾ ਹੋ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਹਲਕੇ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਨਵੀਂ ਅਨਾਜ ਮੰਡੀ ਦੀ ਸੁਗਾਤ ਬੁਢਲਾਡਾ ਹਲਕੇ ਨੂੰ ਦਿੱਤੀ ਗਈ ਹੈ। 52 ਲੱਖ ਦੀ ਲਾਗਤ ਨਾਲ ਸੀਵਰੇਜ ਲਈ ਜੈਟਿੰਗ ਅਤੇ ਸੁਪਰ ਸ਼ੱਕਰ ਮਸ਼ੀਨ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਹੋਰ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ।