

ਨਵੀਂ ਦਿੱਲੀ (ਸਾਰਾ ਯਹਾ) : ਦੇਸ਼ ਵਿੱਚ ਕਈ ਥਾਈਂ ਭਾਰੀ ਮੀਂਹ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉੱਤਰੀ ਭਾਰਤ ‘ਚ ਮਾਨਸੂਨ ਆਉਣ ਤੋਂ ਬਾਅਦ ਕਈ ਸੂਬਿਆਂ ‘ਚ ਹੜ੍ਹਾਂ ਜਿਹੇ ਹਾਲਾਤ ਬਣੇ ਹੋਏ ਹਨ। ਆਸਾਮ ‘ਚ ਹੜ੍ਹਾਂ ਨਾਲ ਹੁਣ ਤੱਕ 32 ਮੌਤਾਂ ਹੋ ਚੁੱਕੀਆਂ ਹਨ।
ਭਾਰੀ ਮੀਂਹ ਦੇ ਚੱਲਦਿਆਂ ਉੱਤਰਾਖੰਡ ‘ਚ ਜ਼ਿਆਦਾਤਰ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਗੁਹਾਟੀ ‘ਚ ਵੀ ਹਾਲਾਤ ਕੁਝ ਇਸੇ ਤਰ੍ਹਾਂ ਦੇ ਹਨ। ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ‘ਚ 8 ਜੁਲਾਈ ਤੋਂ ਉੱਤਰਾਖੰਡ ‘ਚ ਫਿਰ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਆਸਾਮ ‘ਚ ਕਰੀਬ ਪੰਜ ਜ਼ਿਲ੍ਹੇ ਹੜ੍ਹਾਂ ‘ਚ ਬੁਰੀ ਤਰ੍ਹਾਂ ਘਿਰ ਗਏ ਹਨ। ਕਈ ਪਿੰਡਾਂ ‘ਚ ਪਾਣੀ ਦਾਖਲ ਹੋ ਚੁੱਕਾ ਹੈ। ਲਗਪਗ 50 ਹਜ਼ਾਰ ਦੀ ਆਬਾਦੀ ਹੜ੍ਹਾਂ ‘ਚ ਘਿਰੀ ਹੋਈ ਹੈ। ਹੁਣ ਤੱਕ ਸੂਬੇ ‘ਚ ਹੜ੍ਹਾਂ ਕਾਰਨ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੱਛਮੀ ਬੰਗਾਲ ‘ਚ ਵੀ ਕਈ ਇਲਾਕੇ ਮੀਂਹ ਦੇ ਪਾਣੀ ਦੀ ਮਾਰ ਹੇਠ ਹਨ। ਹਿਮਾਚਲ ਪ੍ਰਦੇਸ਼ ਦੇ ਚੰਬਾ ਦੇ ਭਰਮੌਰ ਇਲਾਕੇ ‘ਚ ਅਚਾਨਕ ਪਾਣੀ ਆ ਜਾਣ ਕਾਰਨ ਰਾਹ ਬੰਦ ਹੋਣ ਕਾਰਨ ਲਈ ਲੋਕ ਰਾਹ ‘ਚ ਹੀ ਫਸ ਗਏ ਸਨ। ਹਾਲਾਕਿ ਬਾਅਦ ‘ਚ ਜੇਸੀਬੀ ਮਸ਼ੀਨ ਰਾਹੀਂ ਉਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ‘ਚ ਵੀ ਲਗਾਤਾਰ ਹੋ ਰਹੀ ਬਾਰਸ਼ ਕਾਰਨ ਲੋਕ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ।
EDITED BY : SARA YAHA | | Last Updated : 12:40 pm 05 JULY 2018























