

ਮਾਨਸਾ, 5 ਜੂਨ (ਹੀਰਾ ਸਿੰਘ ਮਿੱਤਲ )-ਫੇਸਬੁੱਕ ਤੇ ਸ਼ੇਅਰ ਕੀਤੀ ਗਈ ਫੋਟੋ ਤੇ ਗਲਤ ਕੁਮੈਂਟ ਕਰਨ ਤੋਂ ਰੋਕਣ ਦੇ ਚੱਲਦੇ ਹੋਏ ਝਗੜੇ ਵਿਚ ਇਕ ਵਿਅਕਤੀ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ ਵਾਸੀ ਆਦਮਪੁਰਾ ਜ਼ਿਲਾ ਬਠਿੰਡਾ ਨੇ ਸਰਦੂਲਗੜ੍ਹ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਕੁੱਝ ਸਮੇਂ ਤੋਂ ਪਿੰਡ ਝੇਰਿਆਂਵਾਲੀ ਵਿਚ ਆਪਣੀ ਮਾਸੀ ਦੇ ਘਰ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਵਲੋਂ ਫੇਸਬੁੱਕ ਤੇ ਵਾਇਰਲ ਕੀਤੀ ਗਈ ਫੋਟੋ ਤੇ ਪਿੰਡ ਵਾਸੀ ਹੀ ਇਕਬਾਲ ਸਿੰਘ ਨੇ ਗਲਤ ਕੁਮੈਂਟ ਕੀਤਾ। ਜਿਸ ਨੂੰ ਉਸ ਨੇ ਅਜਿਹਾ ਕਰਨ ਤੋਂ ਰੋਕਿਆ। ਜਿਸ ਤੇ ਤੈਸ਼ ਵਿਚ ਆਏ ਇਕਬਾਲ ਸਿੰਘ ਅਤੇ ਉਸ ਦੇ ਸਾਥੀਆਂ ਗੁਰਸੇਵਕ ਸਿੰਘ ਅਤੇ ਸਤਨਾਮ ਸਿੰਘ ਨੇ ਜਦੋਂ ਉਹ ਰਸਤੇ ਵਿਚ ਰੇਹੜੀ ਤੇ ਆ ਰਿਹਾ ਸੀ ਤਾਂ ਉਕਤ ਤਿੰਨੇ ਲੋਕ ਜਿਨ੍ਹਾਂ ਕੋਲ ਤੇਜਧਾਰ ਹਥਿਆਰ ਸਨ, ਉਸ ਨੂੰ ਲਲਕਾਰਾ ਮਾਰਿਆ ਅਤੇ ਉਹ ਆਪਣੀ ਜਾਨ ਬਚਾਉਣ ਲਈ ਬਾਦਲ ਸਿੰਘ ਸਰਪੰਚ ਦੇ ਘਰ ਵਿਚ ਜਾ ਵੜਿਆ ਅਤੇ ਉਸ ਦੇ ਪਿੱਛੇ ਆਏ ਉਕਤ ਤਿੰਨਾਂ ਲੋਕਾਂ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਮੱਥੇ ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤੇ ਅਤੇ ਉਸ ਨੂੰ ਹੋਰ ਥਾਵਾਂ ਤੇ ਵੀ ਸੱਟਾਂ ਮਾਰੀਆਂ। ਜਿਸ ਦੇ ਅਧਾਰ ਤੇ ਪੁਲਸ ਨੇ ਇਕਬਾਲ ਸਿੰਘ, ਗੁਰਸੇਵਕ ਸਿੰਘ ਅਤੇ ਸਤਨਾਮ ਸਿੰਘ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






















