

ਨਵੀਂ ਦਿੱਲੀ: ਫੀਫਾ ਵਿਸ਼ਵ ਕੱਪ ਦੇ ਮੇਜ਼ਬਾਨ ਰੂਸ ਨੇ 2010 ਦੇ ਚੈਂਪੀਅਨ ਬਣੇ ਸਪੇਨ ਨੂੰ ਪੈਨਲਟੀ ਸ਼ੂਟਆਊਟ ‘ਚ 4-3 ਨਾਲ ਹਰਾ ਕੇ 48 ਸਾਲ ਬਾਅਦ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ। ਇਸ ਤੋਂ ਪਹਿਲਾਂ ਰੂਸ ਨੇ 1970 ‘ਚ ਅੰਤਿਮ ਅੱਠ ‘ਚ ਜਗ੍ਹਾ ਬਣਾਈ ਸੀ। ਦੂਜੇ ਪਾਸੇ ਐਤਵਾਰ ਦੇਰ ਰਾਤ ਖੇਡੇ ਗਏ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ‘ਚ ਕ੍ਰੋਏਸ਼ੀਆ ਨੇ ਡੈਨਮਾਰਕ ਨੂੰ 3-2 ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਤੇ ਕੁਆਰਟਰ ਫਾਈਨਲ ‘ਚ ਆਪਣੀ ਜਗ੍ਹਾ ਬਣਾਉਣ ‘ਚ ਕਾਮਯਾਬ ਰਿਹਾ।
ਰੂਸ ਦੀ ਜਿੱਤ ਦੇ ਨਾਇਕ ਇਗੋਰ ਅਕੀਨਫੀਵ ਰਹੇ ਜਿੰਨ੍ਹਾਂ ਮੈਚ ਦੌਰਾਨ ਕਈ ਸ਼ਾਨਦਾਰ ਬਚਾਅ ਕੀਤੇ ਤੇ ਫਿਰ ਪੈਨਲਟੀ ਸ਼ੂਟਆਊਟ ‘ਚ ਵੀ ਦੋ ਬਚਾਅ ਕਰਕੇ ਫਾਈਨਲ ‘ਚ ਆਪਣੀ ਟੀਮ ਦੀ ਥਾਂ ਪੱਕੀ ਕਰ ਲਈ। ਨਿਰਧਾਰਿਤ ਸਮੇਂ ਤੱਕ ਮੈਚ 1-1 ਦੀ ਬਰਾਬਰੀ ‘ਤੇ ਟਿਕਿਆ ਰਿਹਾ।
ਸਪੇਨ ਨੇ ਅੱਧੇ ਸਮੇਂ ਤੱਕ ਗੇਂਦ ਨੂੰ 79 ਪ੍ਰਤੀਸ਼ਤ ਸਮੇਂ ਤਕ ਆਪਣੇ ਕਬਜ਼ੇ ‘ਚ ਰੱਖਿਆ ਪਰ ਉਹ ਰੂਸ ਦੇ ਡਿਫੈਂਸ ਖਾਸ ਤੌਰ ‘ਤੇ ਗੋਲਕੀਪਰ ਅਕੀਨਫੀਵ ਅੱਗੇ ਬਹੁਤੀ ਦੇਰ ਆਪਣੀ ਨਾ ਚਲਾ ਸਕੇ। ਆਖੀਰ ‘ਚ ਜੇਤੂ ਟੀਮ ਦਾ ਫੈਸਲਾ ਪੈਨਲਟੀ ਸ਼ੂਟਆਊਟ ਤੋਂ ਹੋਇਆ।
ਕ੍ਰੋਏਸ਼ੀਆ ਤੇ ਡੈਨਮਾਰਕ ਵਿਚਾਲੇ ਵੀ ਮੁਕਾਬਲਾ ਕਾਫੀ ਦਿਲਚਸਪ ਰਿਹਾ। ਨਿਝਨੀ ਨੋਵੋਗੋਰੋਡ ਏਰੇਨਾ ‘ਚ ਖੇਡੇ ਗਏ ਮੈਚ ਦੌਰਾਨ ਨਿਰਧਾਰਿਤ ਸਮੇਂ ਤਕ ਮੁਕਾਬਲਾ 1-1 ‘ਤੇ ਰਿਹਾ। ਇਸਤੋਂ ਬਾਅਦ ਦੇ ਸਮੇਂ ‘ਚ ਗੋਲ ਨਾ ਹੋਣ ਕਾਰਨ ਮੁਕਾਬਲਾ ਪੈਨਲਟੀ ਸ਼ੂਟਆਊਟ ‘ਚ ਚਲਾ ਗਿਆ ਜਿੱਥੇ ਕ੍ਰੋਏਸ਼ੀਆ ਦੇ ਤਿੰਨ ਖਿਡਾਰੀਆਂ ਨੇ ਗੋਲ ਦਾਗੇ ਜਦਕਿ ਡੈਨਮਾਰਕ ਲਈ ਦੋ ਖਿਡਾਰੀ ਹੀ ਗੋਲ ਕਰਨ ‘ਚ ਸਫਲ ਰਹੇ।
ਹੁਣ ਸ਼ਨੀਵਾਰ ਨੂੰ ਹੋ ਰਹੇ ਕੁਆਰਟਰ ਫਾਈਨਲ ਮੁਕਾਬਲੇ ‘ਚ ਮੇਜ਼ਬਾਨ ਰੂਸ ਤੇ ਕ੍ਰੋਏਸ਼ੀਆ ਆਹਮੋ-ਸਾਹਮਣੇ ਹੋਣਗੇ।


















