

ਫੁਟਬਾਲ ਵਿਸ਼ਵ ਕੱਪ ਵਿਚ ਗਰੁੱਪ ਸਟੇਜ ਦੇ ਮੈਚਾਂ ਦਾ ਦੌਰ ਖ਼ਤਮ ਹੋ ਗਿਆ। ਹੁਣ ਅੱਜ ਤੋਂ ਰਾਊਂਡ ਆਫ 16 ਦੇ ਮੈਚਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅੱਜ ਦੋਵੇਂ ਮੈਚਾਂ ਵਿੱਚ ਦਿੱਗਜਾਂ ਦੇ ਭੇੜ ਹੋਵੇਗਾ। ਅੱਜ ਅਰਜਨਟੀਨਾ ਦੀ ਟੱਕਰ ਫਰਾਂਸ ਨਾਲ ਹੋਵੇਗੀ, ਜਦਕਿ ਉਰੁਗੁਏ ਤੇ ਪੁਰਤਗਾਲ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਪੁਰਤਗਾਲ ਅਤੇ ਉਰੁਗੁਏ ਦੀਆਂ ਟੀਮਾਂ ਵਿਚਾਲੇ ਇਸ ਤੋਂ ਪਹਿਲਾਂ 2 ਮੈਚ ਖੇਡੇ ਗਏ ਹਨ, ਜਿਸ ਵਿਚੋਂ ਸਾਲ 1966 ਵਿਚ ਖੇਡੇ ਗਏ ਮੈਚ ਵਿੱਚ ਪੁਰਤਗਾਲ ਜੇਤੂ ਰਿਹਾ ਸੀ, ਅਤੇ 1972 ਵਿਚ ਖੇਡਿਆ ਗਿਆ ਮੈਚ ਡਰਾਅ ਰਿਹਾ ਸੀ। ਇਸ ਮੈਚ ਨੂੰ ਸੁਆਰੇਜ ਬਨਾਮ ਰੋਨਾਲਡੋ ਦਾ ਨਾਮ ਵੀ ਦਿੱਤਾ ਜਾ ਰਿਹਾ ਹੈ।
ਦੂਜੇ ਪਾਸੇ ਫਰਾਂਸ ਅਤੇ ਅਰਜਨਟੀਨਾ ਦਾ ਮੈਚ ਵੀ ਬੇਹੱਦ ਦਿਲਚਸਪ ਰਹਿ ਸਕਦਾ ਹੈ। ਦੋਨੇ ਟੀਮਾਂ ਵਿਚਾਲੇ 11 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਫਰਾਂਸ ਨੇ 2 ਮੈਚ ਜਿੱਤੇ ਹਨ, ਜਦਕਿ ਅਰਜਨਟੀਨਾ ਦੀ ਟੀਮ ਨੇ 6 ਮੈਚ ਆਪਣੇ ਨਾਮ ਕੀਤੇ ਹਨ। 3 ਮੈਚ ਡਰਾਅ ਰਹੇ ਸਨ। ਦੋਵਾਂ ਟੀਮਾਂ ਵਿਚਾਲੇ ਵਿਸ਼ਵ ਕੱਪ ਦੇ ਵਿੱਚ ਟੱਕਰ ਇਸ ਤੋਂ ਪਹਿਲਾਂ ਸਾਲ 1978 ਵਿੱਚ ਹੋਈ ਸੀ, ਜਿਸ ਵਿੱਚ ਅਰਜਨਟੀਨਾ 2-1 ਨਾਲ ਜੇਤੂ ਰਿਹਾ ਸੀ। ਉਸ ਤੋਂ ਪਹਿਲਾਂ 1930 ਦੇ ਵਿਸ਼ਵ ਕੱਪ ਵਿਚ ਵੀ ਅਰਜਨਟੀਨਾ ਨੇ ਫਰਾਂਸ ਨੂੰ ਹਰਾਇਆ ਸੀ।
ਹੁਣ ਤਕ ਗਰੁੱਪ ਸਟੇਜ ਤੋਂ ਬਾਅਦ ਵਿਸ਼ਵ ਕੱਪ ਵਿਚ ਕੁੱਲ 48 ਮੈਚ ਖੇਡੇ ਗਏ ਹਨ, ਜਿਸ ਤੋਂ ਬਾਅਦ 16 ਟੀਮਾਂ ਨੇ ਪਰੀ-ਕੁਆਟਰਫਾਈਨਲਸ ਵਿਚ ਐਂਟਰੀ ਕੀਤੀ ਹੈ। ਹੁਣ ਤਕ ਵਿਸ਼ਵ ਕੱਪ ਵਿਚ ਕੁਲ 122 ਗੋਲ ਕੀਤੇ ਗਏ ਹਨ। ਸਭ ਤੋਂ ਵੱਧ ਗੋਲ ਫਿਲਹਾਲ ਬੈਲਜੀਅਮ ਦੀ ਟੀਮ ਦੇ ਨਾਮ ਦਰਜ ਹਨ, ਜਿਸ ਨੇ 9 ਗੋਲ ਆਪਣੇ ਖਾਤੇ ਵਿਚ ਪਾਏ ਹਨ। ਹੁਣ ਦੇਖਣਾ ਹੋਵੇਗਾ ਕਿ ਕਿਹੜਾ ਦਿੱਗਜ ਹੋਵੇਗਾ ਜੋ ਅੱਗੇ ਵਧੇਗਾ।
EDITED BY : SARA YAHA | | Last Updated :30 June 2018


















