

ਮਾਨਸਾ 19 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ) : ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ( ਲੜਕੇ) ਫਫੜੇ ਭਾਈਕੇ ਵਿਖੇ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ
ਡਾਕਟਰ ਅੰਮ੍ਰਿਤਪਾਲ ਗੋਇਲ ਦੀ ਯਾਦ ਵਿੱਚ ਬਣੇ ਬਾਸਕਟਬਾਲ ਕੋਰਟ ਦਾ ਉਦਘਾਟਨ ਕਰਦਿਆਂ ਮਾਨਸਾ ਦੇ ਐਸ ਡੀ ਐਮ ਸਰਬਜੀਤ ਕੌਰ ਨੇ
ਆਸ ਪ੍ਰਗਟਾਈ ਕਿ ਸਿੱਖਿਆ ਖੇਤਰ ਚ ਮੋਹਰੀ ਰਹੇ ਇਸ ਸਕੂਲ ਦੇ ਵਿਦਿਆਰਥੀ ਹੋਰਨਾਂ ਖੇਡਾਂ ਦੇ ਨਾਲ ਨਾਲ ਹੁਣ ਬਾਸਕਟਬਾਲ ਚ ਵੀ
ਵੱਡੀਆ ਪ੍ਰਾਪਤੀਆਂ ਕਰਨਗੇ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਚ ਖੇਡਾਂ ਦੀ ਪ੍ਰਫੁੱਲਤਾ ਲਈ ਵਿਸ਼ੇਸ ਰਣਨੀਤੀ ਬਣਾਈ ਜਾਵੇਗੀ ਅਤੇ ਉਨ੍ਹਾਂ ਨੂੰ
ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੇ ਕਾਬਲ ਬਣਾਇਆ ਜਾਵੇਗਾ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲ੍ਹੋ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਜਿਥੇਂ
ਹਰ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ। ਉਥੇਂ ਖੇਡਾਂ ਦੀ ਪ੍ਰਫੁੱਲਤਾ ਲਈ ਵੀ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਸਕੂਲ ਦੇ
ਪ੍ਰਿੰਸੀਪਲ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੂੰ ਇਹ ਮਾਣ ਰਿਹਾ ਹੈ ਕਿ ਸਮੂਹ ਸਟਾਫ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ
ਕੁਲਦੀਪ ਸਿੰਘ ਪੀ ਟੀ ਆਈ, ਅਧਿਆਪਕ ਦੀ ਅਗਵਾਈ ਵਿੱਚ ਇਸ ਤੋਂ ਪਹਿਲਾ ਸਰਕਾਰੀ ਸਕੂਲ ਚ ਪੰਜਾਬ ਦੀ ਪਹਿਲੀ ਸ਼ੂਟਿੰਗ ਰੇਂਜ ਬਣਾਈ
ਗਈ ਸੀ,ਹੁਣ ਇਸ ਸਕੂਲ ਵਿੱਚ ਬਾਸਕਟਬਾਲ ਦਾ ਆਧੁਨਿਕ ਖੇਡ ਗਰਾਊਂਡ ਬਣਾਇਆ ਗਿਆ ਹੈ,ਉਨ੍ਹਾਂ ਦੱਸਿਆ ਕਿ ਗੁਣਾਤਮਿਕ ਸਿੱਖਿਆ ਦੇ
ਨਾਲ ਨਾਲ ਵਿਦਿਆਰਥੀਆਂ ਨੂੰ ਆਰਮੀ ਦੀ ਵਿਸ਼ੇਸ਼ ਸਿਖਲਾਈ ਵੀ ਕਰਵਾਈ ਜਾਵੇਗੀ,ਤਾਂ ਕਿ ਵਿਦਿਆਰਥੀ ਆਪਣੀ ਦਿਲਚਸਪੀ ਮੁਤਾਬਕ
ਆਰਮੀ ਚ ਭਰਤੀ ਹੋਕੇ ਨੌਕਰੀ ਦੇ ਨਾਲ ਨਾਲ ਦੇਸ਼ ਸੇਵਾ ਵੀ ਕਰ ਸਕਣ।
ਬਾਸਕਟਬਾਲ ਖੇਡ ਕੋਰਟ ਦੇ ਉਦਘਾਟਨੀ ਸਮਾਗਮ ਦੌਰਾਨ ਸਵ.ਡਾ ਅੰਮ੍ਰਿਤਪਾਲ ਗੋਇਲ ਦੀ ਪਤਨੀ ਨੀਲਮ ਗੋਇਲ ਜਿੰਨ੍ਹਾਂ ਦਾ ਇਸ ਖੇਡ
ਗਰਾਊਂਡ ਲਈ ਵਿਸ਼ੇਸ ਸਹਿਯੋਗ ਰਿਹਾ,ਦਾ ਸਕੂਲ ਵੱਲ੍ਹੋ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਇਕਬਾਲ ਸਿੰਘ, ਡਾ ਵਿਜੈ ਸਿੰਗਲਾ ਅਤੇ
ਮੰਚ ਸੰਚਾਲਨ ਕਰਦਿਆ ਉਘੇ ਰੰਗ ਕਰਮੀ ਰਾਜ ਜੋਸ਼ੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਹੁਣ ਦਿਨ ਮੁੜ ਪਰਤ ਆਏ ਨੇ,ਇਹ ਹੁਣ ਨਵੇਂ ਰੂਪ ਚ
ਹਾਈਟੈੱਕ ਹੋਣ ਲੱਗੇ ਹਨ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਚ ਮੋਹਰੀ ਪ੍ਰਾਪਤੀਆਂ ਕਰਨਗੇ।
ਇਸ ਮੌਕੇ ਪ੍ਰਿੰਸੀਪਲ ਮਦਨ ਲਾਲ ਕਟਾਰੀਆ, ਬੂਟਾ ਸਿੰਘ ਫੌਜੀ, ਪੀ ਟੀ ਏ ਪ੍ਰਧਾਨ, ਸ਼ੂਟਿੰਗ ਕੋਚ ਬਲਵਿੰਦਰ ਸਿੰਘ ਬੁਢਲਾਡਾ, ਐਚ.ਟੀ. ਅਸੋਕ
ਕੁਮਾਰ ਫਫੜੇ, ਰਘਵੀਰ ਸਿੰਘ ਪੰਚ,ਬੂਟਾ ਸਿੰਘ,ਜਤਿੰਦਰ ਸਿੰਘ ਮਾਨਸਾ,ਮਲਕੀਤ ਸਿੰਘ ਨੰਬਰਦਾਰ,ਅਵਤਾਰ ਸਿੰਘ ਬੋੜਾਵਾਲ,ਲੈਕਚਰਾਰ
ਸਰਬਜੀਤ ਸਿੰਘ,ਨਵਿੰਦਰ ਸਿੰਘ,ਹਰਪ੍ਰੀਤ ਕੌਰ,ਸਫ਼ਾਲੀ ਮਿਤਲ,ਕਿਰਨ ਕੁਮਾਰੀ,ਰਣਵਿੰਦਰ ਸਿੰਘ ਹਾਜ਼ਰ ਸਨ।























