

ਮਾਨਸਾ, 28 ਮਈ (ਬਲਜੀਤ ਸ਼ਰਮਾ ) : ਪੰਜਾਬ ਸਰਕਾਰ ਵੱਲੋਂ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਲਈ ਆਰੰਭੀ ਮੁਹਿੰਮ ਤਹਿਤ ਅੱਜ ਸਥਾਨਕ ਡੀ.ਡੀ. ਫੋਰਟ ਰਿਜ਼ੋਰਟ ਮਾਨਸਾ ਵਿਖੇ ਕਿਸਾਨ ਕਰਜ਼ਾ ਮੁਕਤੀ ਸਮਾਗਮ ਦੌਰਾਨ ਜ਼ਿਲ੍ਹੇ ਦੇ 699 ਕਿਸਾਨਾਂ ਦਾ 2 ਕਰੋੜ 70 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਅੱਜ ਦੇ ਸਮਾਗਮ ਦੌਰਾਨ ਬਿਜਲੀ ਮੰਤਰੀ ਪੰਜਾਬ ਸ੍ਰ. ਗੁਰਪ੍ਰੀਤ ਸਿੰਘ ਕਾਂਗੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟਾਂ ਦੀ ਵੰਡ ਕੀਤੀ। ਇਸ ਤੋਂ ਪਹਿਲਾਂ ਕਿਸਾਨ ਕਰਜ਼ਾ ਮੁਕਤੀ ਮੁਹਿੰਮ ਦੇ ਪਹਿਲੇ ਪੜਾਅ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆ ਕੇ ਜ਼ਿਲ੍ਹੇ ਦੇ ਕਰੀਬ 7500 ਕਿਸਾਨਾਂ ਦਾ 22.50 ਕਰੋੜ ਦਾ ਕਰਜ਼ਾ ਮੁਆਫ਼ ਕਰ ਕੇ ਸਰਟੀਫਿਕੇਟ ਵੰਡੇ ਸਨ। ਦੂਜੇ ਪੜਾਅ ਹੇਠ ਕਰੀਬ 6000 ਕਿਸਾਨਾਂ ਦਾ 22 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਸੀ, ਜਿਸ ਵਿੱਚ ਵਿੱਤ ਮੰਤਰੀ ਪੰਜਾਬ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਸੀ।
ਅੱਜ ਦੇ ਕਿਸਾਨ ਕਰਜਾ ਮੁਕਤੀ ਸਮਾਗਮ ਦੌਰਾਨ ਪਿੰਡ ਘੁਰਕਣੀ ਦੇ ਕਿਸਾਨ ਪਿਆਰਾ ਸਿੰਘ ਤੇ ਲਾਭ ਸਿੰਘ, ਪਿੰਡ ਖੈਰਾ ਖੁਰਦ ਦੀ ਕਿਸਾਨ ਵਿਦਿਆ ਦੇਵੀ, ਪਿੰਡ ਖੈਰਾਂ ਕਲਾਂ ਦੇ ਜੋਗਿੰਦਰ ਸਿੰਘ, ਪਿੰਡ ਭੁਪਾਲ ਖੁਰਦ ਦੇ ਗੁਰਮੇਲ ਸਿੰਘ ਤੇ ਗੁਰਮੀਤ ਸਿੰਘ, ਪਿੰਡ ਅਹਿਮਦਪੁਰ ਦੇ ਮਨੋਹਰ ਲਾਲ ਅਤੇ ਪਿੰਡ ਅਚਾਨਕ ਦੇ ਕਿਸਾਨਾਂ ਬਲਵੀਰ ਸਿੰਘ, ਬੰਤ ਸਿੰਘ ਤੇ ਦਰਸ਼ਨ ਸਿੰਘ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਸ਼੍ਰੀ ਕਾਂਗੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾਂ ਤੋਂ ਹੀ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ ਅਤੇ ਹਮੇਸ਼ਾਂ ਹੀ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪੰਜਾਬ ਦੇ ਖਜਾਨੇ ਦੀ ਮਾੜੀ ਹਾਲਤ ਤੋਂ ਸਾਰੇ ਹੀ ਜਾਣੂ ਹਨ ਅਤੇ ਕੈਪਟਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ 1 ਸਾਲ ਦੇ ਕਾਰਜ ਕਾਲ ਦੌਰਾਨ ਖਜਾਨੇ ਵਿੱਚ ਸੁਧਾਰ ਕੀਤਾ। ਸ਼੍ਰੀ ਕਾਂਗੜ ਨੇ ਕਿਹਾ ਕਿ ਪੁਰਾਣੀਆਂ ਕਿਸੇ ਵੀ ਸਰਕਾਰਾਂ ਨੇ ਕਿਸਾਨਾਂ ਦਾ ਕਦੇ ਇੱਕ ਵੀ ਰੁਪਇਆ ਮੁਆਫ਼ ਨਹੀਂ ਕੀਤਾ ਸੀ। ਪਰ ਕਿਸਾਨ ਹਿਤੈਸ਼ੀ ਸਰਕਾਰ ਦੇ ਆਉਣ ਨਾਲ ਸੂਬੇ ਅੰਦਰ ਕਿਸਾਨਾਂ ਦਾ ਕਰੋੜਾਂ ਰੁਪਇਆ ਦਾ ਕਰਜ਼ਾ ਮੁਆਫ਼ ਕੀਤਾ ਜਾ ਚੁੱਕਾ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼੍ਰੀ ਅਜੀਤ ਇੰਦਰ ਸਿੰਘ ਮੋਫਰ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ਼੍ਰੀ ਬਿਕਰਮਜੀਤ ਸਿੰਘ ਮੋਫਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼, ਮੈਨੇਜਿੰਗ ਡਾਇਰੈਕਟਰ ਕੋਆਪ੍ਰੇਟਿਵ ਬੈਂਕ ਸ਼੍ਰੀ ਹਰਵਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਮੈਨੇਜ਼ਰ ਕੋਆਪ੍ਰੇਟਿਵ ਬੈਂਕ ਸ਼੍ਰੀ ਵਿਸ਼ਾਲ ਗਰਗ, ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਬੈਂਕ ਸ਼੍ਰੀ ਜਤਿੰਦਰ ਪਾਲ ਸਿੰਘ ਚਹਿਲ, ਸਾਬਕਾ ਡਿਪਟੀ ਸਪੀਕਰ ਸ਼੍ਰੀ ਜਸਵੰਤ ਸਿੰਘ ਫਫੜੇ ਭਾਈਕੇ, ਹਲਕਾ ਇੰਚਾਰਜ ਮਾਨਸਾ ਡਾ. ਮੰਜੂ ਬਾਂਸਲ, ਕਾਂਗਰਸੀ ਆਗੂ ਸ਼੍ਰੀਮਤੀ ਗੁਰਪ੍ਰੀਤ ਕੌਰ ਗਾਗੋਵਾਲ, ਐਡਵੋਕੇਟ ਲ਼ਖਵਿੰਦਰ ਸਿੰਘ ਲ਼ਖਨਪਾਲ, ਸ਼੍ਰੀ ਬਲਵਿੰਦਰ ਨਾਰੰਗ ਤੋਂ ਇਲਾਵਾ ਹੋਰ ਵੀ ਸਖ਼ਸੀਅਤਾਂ ਮੌਜੂਦ ਸਨ।

EDITED BY : SARA YAHA | | Last Updated : 29 May 2018






















