ਮਾਨਸਾ 25 ਨਵੰਬਰ (ਸਾਰਾ ਯਹਾਂ) —- ਅੱਜ ਸਰਕਾਰੀ ਦਫਤਰਾਂ ਵਿੱਚ ਅਨੇਕਾਂ ਅਫਸਰ, ਅਧਿਕਾਰੀ ਅਤੇ ਕਰਮਚਾਰੀ ਕੰਮ ਤੋਂ ਜੀ ਚੁਰਾਉਣ ਲੱਗੇ ਹਨ ਅਤੇ ਫੀਲਡ ਦਾ ਬਹਾਨਾ ਲਗਾ ਕੇ ਉਹ ਗਾਇਬ ਹੀ ਰਹਿੰਦੇ ਹਨ।ਉਨ੍ਹਾਂ ਦੀ ਡਿਊਟੀ ਕਾਗਜ਼ਾਂ ਵਿੱਚ ਬੋਲਦੀ ਰਹਿੰਦੀ ਹੈ।ਪਰ ਉਹ ਆਪਣੀ ਕੁਰਸੀ ਤੇ ਦਫਤਰਾਂ ਵਿੱਚ ਨਹੀਂ ਬੈਠਦੇ।ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਨੇਕਾਂ ਆਪਣੇ ਕੰਮਾਂ ਨੂੰ ਲੈ ਕੇ ਦਫਤਰਾਂ ਵਿੱਚ ਖੱਜਲ-ਖੁਆਰ ਹੋ ਕੇ ਵਾਪਸ ਮੁੜ ਜਾਂਦੇ ਹਨ। ਉੱਘੇ ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਦਾਅਵੇ ਹੋ ਰਹੇ ਹਨ।ਪਰ ਹਾਲਤ ਇਹ ਹੈ ਕਿ ਸਰਕਾਰੀ ਅਧਿਕਾਰੀ, ਕਰਮਚਾਰੀ ਆਪਣੀਆਂ ਕੁਰਸੀਆਂ ਅਤੇ ਦਫਤਰਾਂ ਵਿੱਚ ਬੈਠਦੇ ਹੀ ਨਹੀਂ ਅਤੇ ਜ਼ਿਆਦਾਤਰ ਫਰਲੋ ਤੇ ਹੁੰਦੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਇਹ ਸਿਸਟਮ ਸੁਧਾਰਨ ਦੇ ਦਾਅਵੇ ਕਰਦੀ ਸੀ।ਪਰ ਹਾਲਤ ਇਹ ਹੋ ਗਈ ਕਿ ਸਰਕਾਰੀ ਦਫਤਰਾਂ ਵਿੱਚ ਕੰਮ ਹੋਣਾ ਤਾਂ ਦੂਰ ਅਧਿਕਾਰੀਆਂ, ਕਰਮਚਾਰੀਆਂ ਨੂੰ ਲੱਭਣਾ ਹੀ ਔਖਾ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਅਨੇਕਾਂ ਦਫਤਰ ਮਾਨਸਾ ਵਿੱਚ ਅਜਿਹੇ ਹਨ, ਜਿੱਥੋਂ ਦੇ ਸਰਕਾਰੀ ਅਧਿਕਾਰੀ, ਕਰਮਚਾਰੀ ਫਰਲੋ ਤੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਡਿਊਟੀ ਕਾਗਜ਼ਾਂ ਵਿੱਚ ਬੋਲਦੀ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਇਹ ਸਿਸਟਮ ਸੁਧਾਰਨ ਦੀ ਲੋੜ ਹੈ।ਪਰ ਸਰਕਾਰ ਦਾ ਇਸ ਪਾਸੇ ਉੱਕਾ ਧਿਆਨ ਨਹੀਂ।ਜਿਸ ਕਰਕੇ ਅਫਸਰਸ਼ਾਹੀ ਅਤੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਆਪਣੀ ਮਰਜ਼ੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉੱਡਣ ਦਸਤੇ, ਵਿਜੀਲੈਂਸ ਟੀਮਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਮਾਨਸਾ, ਏ.ਡੀ.ਸੀ ਅਤੇ ਐੱਸ.ਡੀ.ਐੱਮ ਰਾਹੀਂ ਸਮੇਂ—ਸਮੇਂ ਤੇ ਚੈਕਿੰਗਾਂ ਜਾਰੀ ਰਹਿਣ ਤਾਂ ਜੋ ਲੋਕਾਂ ਦੇ ਕੰਮ-ਕਾਜ ਸਮੇਂ ਸਿਰ ਹੋਣ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਅਤੇ ਪ੍ਰੇਸ਼ਾਨੀ ਨਾ ਝੱਲਣੀ ਪਵੇ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਦੀ ਫੀਲਡ ਵਿੱਚ ਡਿਊਟੀ ਲੱਗਦੀ ਹੈ ਤਾਂ ਉਨ੍ਹਾਂ ਦੀ ਹਾਜ਼ਰੀ ਐੱਸ.ਡੀ.ਐੱਮ ਦਫਤਰ ਵਿੱਚ ਲੱਗਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦਾ ਮੁੱਖ ਕਾਰਨ ਵੀ ਇਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਦੀ ਫਰਲੋ ਇਨੀ ਵਧਗੀ ਕਿ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੇ ਕੰਮ-ਕਾਜ ਲਟਕਦੇ ਰਹਿੰਦੇ ਹਨ ਅਤੇ ਦਫਤਰਾਂ ਵਿੱਚ ਵੀ ਕਾਂ ਬੋਲਦੇ ਹਨ।ਜੇਕਰ ਕੋਈ ਵਿਅਕਤੀ ਕਿਸੇ ਕੰਮ-ਕਾਜ ਲਈ ਦਫਤਰਾਂ ਵਿੱਚ ਜਾਂਦਾ ਹੈ ਤਾਂ ਉਸ ਨੂੰ ਮਹੀਨਿਆਂ ਬੱਧੀ ਗੇੜੇ ਮਾਰਨੇ ਪੈਂਦੇ ਹਨ।ਕਿਸੇ-ਕਿਸੇ ਵਿਭਾਗ ਦਾ ਤਾਂ ਸਬੰਧਿਤ ਲੱਭਿਆ ਵੀ ਨਹੀਂ ਲੱਭਦਾ।