*ਪੀ.ਆਰ.ਟੀ.ਸੀ.ਅਤੇ ਪਨਬੱਸ ਰੋਡਵੇਜ਼ ਕਾਮਿਆਂ ਦੇ ਲੜੀਵਾਰ ਧਰਨੇ ਵਿੱਚ ਸ਼ਾਮਲ ਹੋਏ ਆਂਗਣਵਾੜੀ ਵਰਕਰਾਂ ਦੇ ਜਥੇ*

0
10

ਬੁਢਲਾਡਾ – 1 ਦਸੰਬਰ – (ਸਾਰਾ ਯਹਾਂ/ਮੇਹਤਾ ਅਮਨ) – ਅੱਜ ਇੱਥੇ  ਪੀ.ਆਰ.ਟੀ.ਸੀ. ਡਿੱਪੂ ਦੀ ਵਰਕਸ਼ਾਪ ਦੇ ਮੁੱਖ ਗੇਟ ਅੱਗੇ ਸਰਕਾਰੀ ਬੱਸਾਂ ਦੀ ਮੁਕੰਮਲ ਆਵਾਜਾਈ ਠੱਪ ਕਰਕੇ ਚੱਲ ਰਹੇ ਲੜੀਵਾਰ ਧਰਨੇ ਵਿੱਚ ਸੀ.ਪੀ.ਆਈ.(ਐਮ) ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਵਰਕਰਾਂ ਦੇ ਜਥੇ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਪੂਰਾ ਸਮੱਰਥਨ ਦੇ ਐਲਾਨ ਕੀਤਾ।

       ਇਸ ਮੌਕੇ ‘ਤੇ ਸੀ.ਪੀ.ਆਈ.(ਐਮ) ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਬੋਲਦਿਆਂ ਕਿਹਾ ਕਿ ਪੀਆਰਟੀਸੀ ਅਤੇ ਪਨਬੱਸ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਭਗਵੰਤ ਮਾਨ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਪੰਜਾਬ ਸਰਕਾਰ ਇਸ ਸੰਘਰਸ਼ ਖਤਮ ਹੋਣ ਦੇ ਝੂਠੇ ਅਤੇ ਬੇਬੁਨਿਆਦ ਪ੍ਰਚਾਰ ‘ਤੇ ਉੱਤਰ ਆਈ ਹੈ। ਜਿਸ ਨਾਲ ਸਾਫ਼ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਧਰਾਤਲੀ ਆਧਾਰ ਖਤਮ ਹੋ ਗਿਆ ਹੈ ਅਤੇ ਸਰਕਾਰ ਬੁਖਲਾਹਟ ਵਿੱਚ ਆ ਚੁੱਕੀ ਹੈ। 

     ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੇ ਪਦਚਿੰਨ੍ਹਾਂ ‘ਤੇ ਚੱਲ ਰਹੀ ਹੈ ਅਤੇ ਲੋਕ ਵਿਰੋਧੀ ਕਾਰਪੋਰੇਟ ਪੱਖੀ ਨਵ-ਉਦਾਰਵਾਦੀ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ ਅਤੇ ਸੰਘਰਸ਼ਾਂ ਨੂੰ ਜਬਰ ਜੁਲਮ ਦੇ ਕੋਝੇ ਹੱਥਕੰਡੇ ਵਰਤ ਕੇ ਦਬਾਅ ਰਹੀ ਹੈ। ਆਗੂਆਂ ਨੇ ਕਿਹਾ ਕਿ ਅੱਜ ਇੱਕੋ ਇੱਕ ਰਾਹ ਸੰਘਰਸ਼ ਅਤੇ ਏਕੇ ਦਾ ਰਾਹ ਹੈ। ਸਾਰੀਆਂ ਜਨਤਕ ਜਥੇਬੰਦੀਆਂ ਨੂੰ ਸੰਘਰਸ਼ ‘ਤੇ ਟੇਕ ਰੱਖ ਕੇ ਫਿਰਕੂ ਫਾਸ਼ੀਵਾਦੀ ਅਤੇ ਕਾਰਪੋਰੇਟ ਪੱਖੀ ਤਾਕਤਾਂ ਵਿਰੁੱਧ ਡੱਟ ਕੇ ਲੜਾਈ ਲੜ੍ਹਨੀ ਚਾਹੀਦੀ ਹੈ।

                         ਇਸ ਮੌਕੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਪੀ.ਆਰ.ਟੀ.ਸੀ.ਮੋਟਰ ਮਜ਼ਦੂਰ ਯੂਨੀਅਨ (ਸੀਟੂ) ਦੇ ਸੀਨੀਅਰ ਆਗੂ ਕਾਮਰੇਡ ਸੁਖਦੇਵ ਸਿੰਘ ਜਖੇਪਲ , ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਾਕਮ ਸਿੰਘ , ਗਿਆਨ ਗੁਪਤਾ ਭੀਖੀ , ਤਾਰਾ ਸਿੰਘ ਸੁਨਾਮ ਚੇਅਰਮੈਨ , ਰੇਸ਼ਮ ਸਿੰਘ ਖਾਰਾ ਬਰਨਾਲਾ , ਬਲਜੀਤ ਸਿੰਘ ਸੁਨਾਮ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਸਤਪਾਲ ਸਿੰਘ ਮੰਡੇਰ , ਰਾਜਵਿੰਦਰ ਸਿੰਘ ਬੀਰੋਕੇ, ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਜ਼ਿਲ੍ਹਾ ਪ੍ਰੈਸ ਸਕੱਤਰ ਮਨਜੀਤ ਸਿੰਘ ਬੀਰੋਕੇ , ਤੇਜਿੰਦਰ ਕੌਰ ਵਾਲੀਆ,  ਸੁਮਨ ਲਤਾ, ਸ਼ਿੰਦਰ ਕੌਰ ਬਰੇ , ਰਾਜਵਿੰਦਰ ਕੌਰ, ਅਨੀਤਾ ਰਾਣੀ ,ਰਾਜ ਕੌਰ, ਸੁਮਨ ਗਰਗ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

NO COMMENTS