

ਮਾਨਸਾ, 18 ਜਨਵਰੀ ( (ਸਾਰਾ ਯਹਾ, ਬਲਜੀਤ ਸ਼ਰਮਾ) : ਸ੍ਰੀ ਗੁੂਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮਾਨਸਾ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਅਤੇ ਹਰਿਆ ਭਰਿਆ ਬਣਾਉਣ ਲਈ ਸਥਾਨਕ ਸੈਂਟਰਲ ਪਾਰਕ ਵਿਖੇ ਰਵਾਇਤੀ ਥੈਲੇ ਅਤੇ ਪੌਦੇ ਵੰਡਣ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿੱਥੇ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਕੈਂਪ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਦੁਆਰਾ ਪਾਰਕ ਵਿਖੇ ਪੌਦਾ ਲਗਾ ਕੇ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ 550 ਰਵਾਇਤੀ ਥੈਲੇ ਅਤੇ 550 ਪੌਦੇ ਵੰਡਣ ਲਈ ਲਗਾਏ ਇਸ ਕੈਂਪ ਦੌਰਾਨ ਜਿੰਨ੍ਹਾਂ ਲੋਕਾਂ ਨੂੰ ਇਹ ਥੈਲੇ ਵੰਡੇ ਜਾ ਰਹੇ ਹਨ ਉਹ ਇਸ ਦੀ ਵਰਤੋਂ ਕਰਦੇ ਹੋਏ ਪਲਾਸਟਿਕ ਮੁਕਤ ਸਮਾਜ ਬਣਾਉਣ ਵਿਚ ਯੋਗਦਾਨ ਪਾਉਣ। ਉਨ੍ਹਾਂ ਨਾਲ ਹੀ ਕਿਹਾ ਕਿ ਵਾਤਾਰਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਜ਼ਿਲ੍ਹੇ ਨੂੰ ਹਰਿਆ ਭਰਿਆ ਅਤੇ ਪਲਾਸਟਿਕ ਮੁਕਤ ਕੀਤਾ ਜਾ ਸਕੇ।
ਕੈਂਪ ਦੌਰਾਨ ਦਫ਼ਤਰ ਡਿਪਟੀ ਕਮਿਸ਼ਨਰ ਮਾਨਸਾ ਦੇ ਕਰਮਚਾਰੀ ਸ੍ਰੀ ਗੁਰਦਰਸ਼ਨ ਸਿੰਘ ਜੋ ਕਿ ਝੋਲਿਆਂ ਵਾਲੇ ਬਾਬਾ ਦੇ ਨਾਮ ਨਾਲ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਚਰਨਜੀਤ ਕੌਰ ਵੱਲੋਂ ਕੱਪੜੇ ਦੇ ਬਣੇ ਥੈਲੇ ਅਤੇ ਪੌਦੇ ਵੰਡੇ ਗਏ। ਸ੍ਰੀ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਇਹ 550 ਥੈਲੇ ਸਰਕਾਰੀ ਆਈ.ਟੀ.ਆਈ. ਮਾਨਸਾ ਦੇ ਸਿਖਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਹਨ ਅਤੇ ਥੈਲੇ ਬਣਾਉਣ ਲਈ ਲੱਗੇ ਕੱਪੜੇ ਲਈ ਰੈਮੰਡ ਸ਼ੋਅਰੂਮ ਅਤੇ ਕਾਕਾ ਕਲਾਥ ਹਾਊਸ ਮਾਨਸਾ ਨੇ ਸਹਿਯੋਗ ਕੀਤਾ ਹੈ। ਉਨ੍ਹਾਂ ਇਸ ਮੌਕੇ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮਾਨਸਾ ਸ੍ਰੀ ਹਰਵਿੰਦਰ ਕੁਮਾਰ ਭਾਰਦਵਾਜ ਅਤੇ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ. ਭੈਣੀ ਬਾਘਾ ਸ੍ਰੀ ਲਖਵਿੰਦਰ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਅਖ਼ੀਰ ਵਿਚ ਡਿਪਟੀ ਕਮਿਸ਼ਨਰ ਦੁਆਰਾ 550 ਕੱਪੜੇ ਦੇ ਥੈਲੇ ਤਿਆਰ ਕਰਨ ਵਾਲੀਆਂ ਸਰਕਾਰੀ ਆਈ.ਟੀ.ਆਈ. ਦੀਆਂ 15 ਸਿਖਿਆਰਥਣਾਂ ਅਤੇ ਟਰੇਨਰ ਸ੍ਰੀਮਤੀ ਕੁਲਵਿੰਦਰ ਕੌਰ ਨੂੰ ਸਨਮਾਨ ਪੱਤਰ ਭੇਂਟ ਕੀਤੇ ਗਏ। ਇਸ ਮੌਕੇ ਦਫ਼ਤਰ ਡਿਪਟੀ ਕਮਿਸ਼ਨਰ ਮਾਨਸਾ ਦੇ ਹੋਰ ਕਰਮਚਾਰੀ ਅਤੇ ਆਮ ਲੋਕ ਮੌਜੂਦ ਸਨ।























