

ਮਾਨਸਾ 26 ਜੁਲਾਈ (ਬਲਜੀਤ ਸ਼ਰਮਾ): ਬੱਚਿਆਂ ਨੂੰ ਹੋਣ ਵਾਲੀਆਂ ਪੇਟ ਦੀਆਂ ਬੀਮਾਰੀਆਂ ਤੋਂ ਸੁਰੱਖਿਅਤ ਕਰਨ ਨੂੰ ਸਮਰਪਿਤ ਅਗਸਤ ਮਹੀਨੇ ਵਿੱਚ ਹੋਣ ਵਾਲੇ ਨੈਸ਼ਨਲ ਡੀ-ਵੌਰਮਿੰਗ ਡੇਅ ਸਬੰਧੀ ਮੀਟਿੰਗ ਅੱਜ ਬੱਚਤ ਭਵਨ ਵਿਖੇ ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੌਰਾਨ ਸਿਵਲ ਸਰਜਨ ਨੇ ਦੱਸਿਆ ਕਿ ਅਗਲੇ ਮਹੀਨੇ ਨੈਸ਼ਨਲ ਡੀ-ਵੌਰਮਿੰਗ ਡੇਅ ਮੌਕੇ ਮਾਨਸਾ ਜ਼ਿਲ੍ਹੇ ਵਿੱਚ 2,00,112 ਬੱਚਿਆਂ ਨੂੰ ਕਵਰ ਕੀਤਾ ਜਾਣਾ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰ ‘ਤੇ ਮੁਕੰਮਲ ਪ੍ਰਬੰਧ ਕੀਤੇ ਜਾ ਚੁੱਕੇ ਹਨ। ਸਕੂਲਾਂ ਵਿੱਚ ਨੋਡਲ ਹੈਲਥ ਟੀਚਰ ਨਿਯੁਕਤ ਕੀਤੇ ਗਏ ਹਨ। ਸੈਕਟਰ ਅਤੇ ਕਲੱਸਟਰ ਪੱਧਰ ‘ਤੇ ਮੈਡੀਕਲ ਰੈਪਿਡ ਟੀਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਸਿੱਖਿਆ ਅਤੇ ਆਂਗਣਵਾੜੀ ਵਿਭਾਗਾਂ ਦੇ ਇੰਚਾਰਜਾਂ ਨੂੰ ਬੇਨਤੀ ਕੀਤੀ ਕਿ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਪੂਰੀ ਤਨਦੇਹੀ ਤੋਂ ਕੰਮ ਲੈਣ ਕਿਉਂਕਿ ਇਹ ਇਕ ਭਲਾਈ ਦਾ ਕਾਰਜ ਹੈ। ਉਨ੍ਹਾਂ ਕਿਹਾ, ”ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਪੂਰਾ ਸਹਿਯੋਗ ਕਰੀਏ।”
ਇਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਾਲ ਜ਼ਿਲ੍ਹਾ ਮਾਨਸਾ ਵਿੱਚ 502 ਸਰਕਾਰੀ ਸਕੂਲ, 171 ਪ੍ਰਾਈਵੇਟ ਸਕੂਲ ਅਤੇ 798 ਆਂਗਣਵਾੜੀ ਕੇਂਦਰ ਕਵਰ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਜਿਸ ਤਹਿਤ 1 ਤੋਂ 2 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ 5 ਮਿਲੀ ਲੀਟਰ ਦਾ ਘੋਲ ਦਿੱਤਾ ਜਾਵੇਗਾ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ 400 ਮਿਲੀ ਗ੍ਰਾਮ ਦੀ ਇਕ ਗੋਲੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਗੋਲੀ ਸਿਰਫ ਚਬਾਅ ਕੇ ਲੈਣੀ ਹੈ। ਉਕਤ ਸਾਰੀਆਂ ਸੰਸਥਾਵਾਂ ਵਿੱਚ 10 ਅਗਸਤ ਨੂੰ ਇਹ ਦਵਾਈ ਖਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਇਨ੍ਹਾਂ ਦਿਨਾਂ ਵਿਚ ਹੋਣ ਵਾਲੀਆਂ ਪੇਟ ਦੀਆਂ ਬੀਮਾਰੀਆਂ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਖਾਣਾ ਖਾਣ ਤੋਂ ਬਾਅਦ ਹੀ ਇਹ ਗੋਲੀ ਜਾਂ ਘੋਲ ਦਿੱਤਾ ਜਾਵੇ। ਜੇਕਰ ਕੋਈ ਬੱਚੇ ਦੀ ਪੱਕੇ ਤੌੋਰ ‘ਤੇ ਦਵਾਈ ਚਲਦੀ ਹੈ ਤਾਂ ਉਸ ਨੂੰ ਇਹ ਦਵਾਈ ਨਾਲ ਤਾਲਮੇਲ ਕਰਕੇ ਹੀ ਦੇਣੀ ਹੈ।
ਡਾ. ਸੰਜੀਵ ਕੁਮਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਪੇਟ ਦੀਆਂ ਬੀਮਾਰੀਆਂ ਦੀਆਂ ਇਹ ਗੋਲੀਆਂ ਵਿਸ਼ਵ ਬੈਂਕ ਵੱਲੋਂ ਮਾਨਤਾ ਪ੍ਰਾਪਤ ਹਨ। ਉਨ੍ਹਾਂ ਦੱਸਿਆ ਕਿ ਇਹ ਗੋਲੀਆਂ 10, ਅਤੇ 17 ਅਗਸਤ ਨੂੰ ਖੁਆਈਆਂ ਜਾਣਗੀਆਂ। ਉਨ੍ਹਾਂ ਸਕੂਲ ਮੁਖੀਆਂ ਅਤੇ ਆਂਗਣਵਾੜੀ ਵਿਭਾਗ ਦਾ ਧੰਨਵਾਦ ਕੀਤਾ ਕਿ ਉਨ੍ਹਾ ਦੀ ਸਖ਼ਤ ਮਿਹਨਤ ਦੀ ਬਦੌਲਤ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਚਲਾਈ ਗਈ ਮੀਜ਼ਲ-ਰੁਬੇਲਾ ਮੁਹਿੰਮ ਸਫ਼ਲਤਾਪੂਰਵਕ ਨੇਪਰੇ ਚੜ੍ਹੀ ਹੈ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਅਵਤਾਰ ਸਿੰਘ ਡੀ.ਪੀ.ਐਮ. ਨੇ ਬਾਹਰੋਂ ਆਏ ਵਿਭਾਗਾਂ ਦੇ ਮੁਖੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਆਸ਼ਾ ਕਿਰਨ, ਜ਼ਿਲ੍ਹਾ ਮਾਸ ਮੀਡੀਆ ਅਫਸ਼ਰ ਸ਼ੀ੍ਰ ਸੁਖਮਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸ੍ਰੀ ਕੁਲਦੀਪ ਸਿੰਘ, ਬੱਚਿਆਂ ਦੇ ਮਾਹਰ ਡਾ. ਸ਼ਾਮ ਲਾਲ ਮੰਗਲਾ ਅਤੇ ਸਮੂਹ ਬੀ.ਈ.ਈਜ਼ ਹਾਜ਼ਰ ਸਨ।
ਨੰ:ਲਸਮ-(ਪ੍ਰੈ.ਰਿ)-2018/524
EDITED BY : SARA YAHA | | Last Updated : 6:55 pm 26 JULY 2018






















