ਨਿਯਮਾਂ ਦੇ ਉਲਟ ਕੁੱਝ ਸ਼ੈਲਰ ਮਾਲਕ ਕਿਸਾਨਾਂ ਤੋਂ ਸਿੱਧਾ ਝੋਨਾ ਖਰੀਦ ਕੇ ਸਰਕਾਰ ਅਤੇ ਕਿਸਾਨਾਂ ਨੂੰ ਲਗਾ ਰਹੇ ਹਨ ਮੋਟਾ ਰਗੜਾ

0
58

ਮਾਨਸਾ 25 ਅਕਤੂਬਰ (ਬਪਸ):ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਨੂੰ ਕੁੱਝ ਸ਼ੈਲਰ ਮਾਲਕ ਨਿਯਮਾਂ ਦੇ ਉੱਲਟ ਖ਼ਰੀਦਕੇ ਸਰਕਾਰ ਤੇ ਕਿਸਾਨਾਂ ਨੂੰ ਮੋਟਾ ਰਗੜਾ ਲਾ ਰਹੇ ਹਨ।  ਜਾਣਕਾਰੀ ਅਨੁਸਾਰ ਕੁਝ ਸ਼ੈਲਰ ਮਾਲਕ ਕਿਸਾਨਾਂ ਤੋਂ ਸਿੱਧਾ ਝੋਨਾ ਸ਼ੈਲਰਾਂ ਵਿੱਚ ਹੀ ਖ਼ਰੀਦ ਰਹੇ ਹਨ। ਝੋਨੇ ਦੀਆਂ ਭਰੀਆਂ ਟਰਾਲੀਆਂ ਇਨ੍ਹਾਂ ਸ਼ੈਲਰਾਂ ਵਿੱਚ ਜਾਂਦੀਆਂ ਹਨ। ਜਿੱਥੇ ਸੈਲਰ ਮਾਲਕ ਕਿਸਾਨਾਂ ਤੋਂ ਦੋ ਕਿੱਲੋ ਤੋਂ ਲੈ ਕੇ ਦਸ ਕਿੱਲੋ ਤੱਕ ਪ੍ਰਤੀ ਕੁਇੰਟਲ ਕਾਟ ਕੱਟ ਰਹੇ ਹਨ। ਸੈਲਰ ਮਾਲਕ ਜਿੱਥੇ ਕਿਸਾਨਾਂ ਤੋ ਕਾਟ ਕੱਟਣ ਦੇ ਨਾਂ ਤੇ ਮੋਟੀ ਕਮਾਈ ਕਰ ਰਹੇ ਹਨ ਉੱਥੇ ਹੀ ਸਰਕਾਰ ਦੀ ਮਾਰਕੀਟ ਫੀਸ ਆਦਿ ਚੋਰੀ ਕਰਕੇ ਸਰਕਾਰ ਨੂੰ ਵੀ ਚੂਨਾ ਲਗਾ ਰਹੇ ਹਨ। ਅਨਾਜ ਮੰਡੀਆਂ ਤੇ ਖਰੀਦ ਕੇੰਦਰਾਂ ਚ ਝੋਨੇ ਨੂੰ ਲੈਕੇ ਹੁੰਦੀ ਖੱਜਲ-ਖੁਆਰੀ ਨੂੰ ਵੇਖਦਿਆਂ ਕਿਸਾਨ ਆਪਣਾ ਝੋਨਾ ਮਜਬੂਰੀ ਵੱਸ ਸੈਲਰਾਂ ਚ ਵੇਚਣ ਲਈ ਮਜਬੂਰ ਹਨ ਜਿਸ ਦਾ ਸੈਲਰ ਮਾਲਕ ਫਾਇਦਾ ਚੁੱਕ ਰਹੇ ਹਨ।  ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਕਈ ਸੈਲਰ ਮਾਲਕ ਤਾਂ  ਹੁਣ ਤੱਕ 2-200 ਤੋ ਜਿਆਦਾ ਟਰਾਲੀਆ ਕਿਸਾਨਾਂ ਤੋ ਬਾਹਰ ਦੀ ਬਾਹਰ ਖਰੀਦ ਚੁੱਕੇ ਹਨ। ਕਿਸਾਨਾਂ ਦੀ ਹੋ ਰਹੀ ਇਸ ਲੁੱਟ ਨੂੰ ਸਰਕਾਰ, ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਦੀ ਨਲਾਇਕੀ ਕਹੀਏ ਜਾਂ ਫਿਰ ਵਪਾਰੀਆਂ ਤੇ ਸਬੰਧਤ ਮਹਿਕਮੇ ਦੀ ਆਪਸੀ ਮਿਲੀਭੁਗਤ ਚ ਨਪੀੜੇ ਜਾ ਰਿਹੇ ਕਿਸਾਨ ਦਰਦ ਕਹਾਣੀ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸਕੱਤਰ ਹਰਦੇਵ ਸਿੰਘ ਕੋਟਧਰਮੂ, ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ, ਕਾਮਰੇਡ ਲਾਲ ਚੰਦ ਸਰਦੂਲਗੜ੍ਹ ਆਦਿ ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਜੋ ਸ਼ੈਲਰ ਮਾਲਕ ਕਿਸਾਨਾਂ ਅਤੇ ਸਰਕਾਰ ਨੂੰ ਚੂਨਾ ਲਗਾ ਕੇ ਕਿਸਾਨਾਂ ਦਾ ਝੋਨਾ ਖਰੀਦ ਰਹੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸ਼ੈਲਰਾਂ ਵਿੱਚ ਪਏ ਝੋਨੇ ਦੀ ਜਾਂਚ ਕੀਤੀ ਜਾਵੇ ਕਿ ਇਨ੍ਹਾਂ ਵੱਲੋਂ ਮਾਰਕੀਟ ਕਮੇਟੀ ਅਧੀਨ ਕਿੰਨਾ ਝੋਨਾ ਖ਼ਰੀਦਿਆ ਗਿਆ ਹੈ ਤੇ ਕਿਸਾਨਾਂ ਤੋਂ ਬਾਹਰ ਦੀ ਬਾਹਰ ਦੋ ਨੰਬਰ ਵਿੱਚ ਕਿੰਨਾ ਝੋਨਾ ਖ਼ਰੀਦਿਆ ਗਿਆ ਹੈ ਨਿਯਮਾਂ ਦੇ ਉਲਟ ਝੋਨਾ ਖ਼ਰੀਦਣ ਵਾਲੇ ਸੈੱਲਰ ਮਾਲਕਾਂ ਖਿਲਾਫ ਬਣਦੀ ਢੁੱਕਵੀਂ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਇੱਕ ਸ਼ੈਲਰ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਕਿਸਾਨਾਂ ਤੋ ਸਿੱਧਾ ਝੋਨਾ ਖਰੀਦਿਆ ਹੈ ਪਰ ਹੁਣ ਖਰੀਦਣਾ ਬੰਦ ਕਰ ਦਿੰਦੇ ਹਾਂ ਅੱਗੇ ਤੂੰ ਨਹੀਂ ਖਰੀਦਾਂਗੇ। ਜਦੋਂ ਇਸ ਸਬੰਧੀ ਸ਼ੈਲਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਕਿਸਾਨਾਂ ਤੋਂ ਬਾਹਰ ਦੀ ਬਾਹਰ ਝੋਨਾ ਖਰੀਦ ਸਕਦੇ ਹਨ। ਇਸ ਸਬੰਧੀ ਐਸਡੀਐਮ ਸਰਦੂਲਗੜ੍ਹ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਸੈਲਰ ਮਾਲਕ ਕਿਸਾਨਾਂ ਤੋਂ ਸਿੱਧਾ ਝੋਨਾ ਨਹੀਂ ਖਰੀਦ ਸਕਦਾ ਜੇ ਕੋਈ ਖ਼ਰੀਦ ਕਰ ਰਿਹਾ ਹੈ ਤਾਂ ਨਿਯਮਾਂ ਦੇ ਉਲਟ ਹੈ। ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਤੱਕ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਅਸੀਂ ਜਾਂਚ ਕਰਵਾ ਲੈਂਦੇ ਹਾਂ ਕਿ ਕਿਸ-ਕਿਸ ਸ਼ੈਲਰ ਮਾਲਕ ਨੇ ਕਿਸਾਨਾਂ ਤੋਂ ਸਿੱਧਾ ਝੋਨਾ ਖਰੀਦਿਆ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਸਿੱਧਾ ਝੋਨਾ ਖਰੀਦਕੇ ਮਾਰਕੀਟ ਫੀਸ ਦੀ ਚੋਰੀ ਕਰਦੇ ਹਨ ਅਤੇ ਕਿਸਾਨਾਂ ਤੋਂ ਝੋਨੇ ਦੀ ਕਾਟ ਕੱਟਕੇ ਵੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here