

ਮਾਨਸਾ, 13 ਜੂਨ (ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਦੇ ਹੁਕਮਾ ਅਤੇ ਸਿਵਲ ਸਰਜਨ ਮਾਨਸਾ ਡਾ. ਸੁਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਇਕ ਟੀਮ ਦਾ ਗਠਨ ਕੀਤਾ ਗਿਆ ਜਿਸ ਦੀ ਅਗਵਾਈ ਜਿਲ੍ਹਾ ਸਿਹਤ ਅਫ਼ਸਰ ਡਾਂ ਮਨੋਹਰ ਲਾਲ ਨੇ ਕੀਤੀ।
ਗਠਿਤ ਕੀਤੀ ਟੀਮ ਦੁਆਰਾ ਸੈਮੀਨਾਰ ਰਾਹੀਂ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਅਤੇ ਤੰਬਾਕੂ, ਗਲੀਆਂ ਸੜੀਆਂ ਸਬਜ਼ੀਆਂ ਅਤੇ ਜ਼ਿਆਦਾ ਪੱਕੇ ਫਲਾਂ ਦੀ ਚੈਕਿੰਗ ਅਤੇ ਸਫਾਈ ਸਬੰਧੀ ਸ਼ਹਿਰ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਪੀ.ਐਚ.ਸੀ (ਪ੍ਰਾਇਮਰੀ ਹੈਲਥ ਸੈਂਟਰ) ਭੈਣੀ ਬਾਘਾ ਵਿਖੇ ਸੈਮੀਨਾਰ ਦੌਰਾਨ ਇਕੱਤਰ ਹੋਏ ਲੋਕਾਂ ਨੂੰ ਡਾਂ ਮਨੋਹਰ ਲਾਲ ਜਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਇਸ ਕਰਕੇ ਬੁਖ਼ਾਰ ਵਾਲੇ ਮਰੀਜ਼ ਦਾ ਖੂਨ ਚੈਕਅੱਪ ਕਰਵਾਉਣਾ ਜਰੂਰੀ ਹੈ। ਜਿਲ੍ਹਾ ਐਪੀਡੀਮਾਲੋਜਿਸਟ ਸ੍ਰੀ ਸੰਤੋਸ਼ ਕੁਮਾਰ ਭਾਰਤੀ ਨੇ ਦੱਸਿਆ ਕਿ ਬੁਖਾਰ ਵਾਲੇ ਮਰੀਜ਼ ਦਾ ਖੂਨ ਚੈੱਕਅਪ ਸਰਕਾਰੀ ਹਸਪਤਾਲ ਵਿਚ ਮੁਫ਼ਤ ਕੀਤਾ ਜਾਂਦਾ ਹੈ।
ਇਸ ਦੌਰਾਨ ਨੈਸ਼ਨਲ ਵੈਕਟਰਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ ਸ੍ਰੀ ਰਾਮ ਕੁਮਾਰ ਹੈਲਥ ਸੁਪਰਵਾਈਜ਼ਰ ਨੇ ਕਿਹਾ ਕਿ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਤੋਂ ਬਚਾਅ ਰੱਖਣ ਲਈ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਓ, ਪਾਣੀ ਨਾਲ ਭਰੇ ਬਰਤਨ ਅਤੇ ਟੈਂਕੀਆਂ ਨੂੰ ਚੰਗੀ ਤਰਾਂ ਸਾਫ਼ ਅਤੇ ਢੱਕ ਕੇ ਰੱਖਣਾ ਚਾਹੀਦਾ ਹੈ। ਉਂਨ੍ਹਾਂ ਹਫ਼ਤੇ ਵਿਚ ਇਕ ਵਾਰ ਕੂਲਰ ਨੂੰ ਖਾਲੀ ਕਰਕੇ ਧੁੱਪ ਵਿਚ ਸੁਕਾਉਣ ਦੀ ਸਲਾਹ ਦਿੱਤੀ।
ਸ੍ਰੀ ਦਰਸ਼ਨ ਸਿੰਘ ਭੰਮੇ ਸਹਾਇਕ ਯੂਨਿਟ ਅਫ਼ਸਰ ਵੱਲੋ. ਪਾਣੀ ਦੀ ਸੰਜਮ ਨਾਲ ਵਰਤੋ ਅਤੇ ਹਰ ਸ਼ੁਕਰਵਾਰ ਨੂੰ ਡਰਾਈ ਡੇ ਮਨਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਤਾਂ ਜੋ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।
ਇਸ ਤੋਂ ਇਲਾਵਾ ਤੰਬਾਕੂ ਇੰਨਫੋਰਸਮੈਂਟ ਡਰਾਈਵ ਸਬੰਧੀ ਮਾਨਸਾ ਕੈਂਚੀਆਂ ਅਤੇ ਜੋਗਾ ਵਿਖੇ 7 ਜਾਣਿਆਂ ਦੇ ਤੰਬਾਕੂ ਕੰਟਰੋਲ ਐਕਟ ਅਧੀਨ ਚਲਾਨ ਕੱਟੇ ਗਏ। ਡਾ. ਮਨੋਹਰ ਲਾਲ ਜਿਲ੍ਹਾ ਸਿਹਤ ਅਫਸਰ ਕਮ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈਲ ਨੇ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਨੂੰ ਖਾਸ ਹਦਾਇਤ ਕੀਤੀ ਕਿ ਉਹ ਖਾਣ-ਪੀਣ ਵਾਲੀਆਂ ਵਸਤੂਆਂ ਦੇ ਨਾਲ ਤੰਬਾਕੂ ਪਦਾਰਥ ਵੇਚਣ ਤੋਂ ਗੁਰੇਜ਼ ਕਰਨ। ਅਜਿਹਾ ਨਾ ਕਰਨ ਤੇ ਉਨ੍ਹਾਂ ਵਿਰੁੱਧ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ। ਟੀਮ ਵੱਲੋਂ ਫਲਾਂ ਅਤੇ ਮਿਠਾਈ
ਵਾਲੀਆਂ ਦੁਕਾਨਾਂ ਦੀ ਚੈਕਿੰਗ ਦੌਰਾਨ ਗਲੇ ਸੜੇ ਫਲ ਅਤੇ ਸਬਜ਼ੀਆਂ ਮੌਕੇ ਤੇ ਸੁਟਵਾਈਆਂ ਗਈਆਂ ਅਤੇ ਟੀਮ ਦੁਆਰਾ ਮਾਨਸਾ ਕੈਂਚੀਆਂ ਤੇ ਪਾਣੀ ਦੀ ਲੀਕੇਜ਼ ਕਰ ਰਹੀ ਪਾਇਪ ਦਾ ਵਿਸ਼ੇਸ਼ ਨੋਟਿਸ ਲਿਆ ਗਿਆ।
ਇਸ ਮੌਕੇ ਡਾ. ਵਿਕਰਮ, ਸ੍ਰੀ ਸੁਖਵਿੰਦਰ ਸਿੰਘ ਫਾਰਮਾਸਿਸਟ, ਸ੍ਰੀ ਸੁਖਪਾਲ ਸਿੰਘ ਹੈਲਥ ਸੁਪਰਵਾਈਜ਼ਰ, ਸ੍ਰੀ ਅਸ਼ਵਨੀ ਕੁਮਾਰ ਹੈਲਥ ਸੁਪਰਵਾਈਜ਼ਰ, ਸ੍ਰੀ ਸੰਜੀਵ ਕੁਮਾਰ, ਸ੍ਰੀ ਸੁਖਵਿੰਦਰ ਸਿੰਘ ਅਤੇ ਗੁਰਪਿਆਰ ਸਿੰਘ ਸਿਹਤ ਕਰਮਚਾਰੀ ਹਾਜ਼ਰ ਸਨ।
EDITED BY : SARA YAHA | | Last Updated :13 June2018






















