

ਮਾਨਸਾ, 06 ਮਈ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਡੇਰਾ ਬਾਬਾ ਭਾਈ ਗੁਰਦਾਸ ਜੀ ਦੇ ਗੱਦੀ ਨਸ਼ੀਨ ਮਹੰਤ ਅੰਮ੍ਰਿਤ ਮੁਨੀ ਜੀ (55 ਸਾਲਾਂ) ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਉਹ ਵੜਾ ਉਦਾਸੀਨ ਅਖਾੜਾ 108 ਦੇ ਸੂਬਾ ਪ੍ਰਧਾਨ ਸਨ ਤੇ ਸਾਲ 2007 ਤੋਂ ਮਾਨਸਾ ਦੇ ਡੇਰਾ ਬਾਬਾ ਭਾਈ ਗੁਰਦਾਸ ਜੀ ਦੇ ਗੱਦੀ ਬੈਠੇ ਸਨ।
ਬਾਬਾ ਅੰਮ੍ਰਿਤ ਮੁਨੀ ਜੀ ਨੇਕ ਦਿਲ ਦੇ ਮਾਲਕ ਸਨ। ਡੇਰਾ ਬਾਬਾ ਭਾਈ ਗੁਰਦਾਸ ਜੀ ਦੀ ਸੇਵਾ ਦੇ ਨਾਲ ਨਾਲ ਇੱਕ ਬਹੁਤ ਵਧਿਆ ਸਮਾਜ ਸੇਵੀ ਵੀ ਸਨ।
ਦੇਸ ਵਿਦੇਸ਼ ਅਤੇ ਪੰਜਾਬ ਦੇ ਲੋਕਾਂ ਵਿੱਚ ਉਨਾਂ ਦੇ ਅਚਾਨਕ ਹੋਏ ਦੇਹਾਂਤ ਨੂੰ ਲੈ ਕੇ ਇਲਾਕੇ, ਅਖਾੜਾ ਸਮੁਦਾਇ, ਮਹੰਤ ਸਮੁਦਾਇ ਤੇ ਧਾਰਮਿਕ ਖੇਤਰ ਚ ਸੋਗ ਫੈਲ ਗਿਆ ਹੈ। ਮਹੰਤ ਅੰਮ੍ਰਿਤ ਮੁਨੀ ਜੀ ਡੇਰੇ ਦੇ ਨਾਲ ਨਾਲ ਧਾਰਮਿਕ ਖੇਤਰ ਤੇ ਸਮਾਜਸੇਵਾ ਵਿੱਚ ਵੱਡੇ ਯੋਗਦਾਨੀ ਮੰਨੇ ਜਾਂਦੇ ਸਨ। ਮਿਲੇ ਵੇਰਵਿਆਂ ਅਨੁਸਾਰ ਮਹੰਤ ਅੰਮ੍ਰਿਤ ਮੁਨੀ ਜੀ ਕੁੱਝ ਦਿਨ ਪਹਿਲਾਂ ਸ੍ਰੀ਼ ਵਰਿੰਦਾਵਨ ਦੀ ਯਾਤਰਾ ‘ਤੇ ਗਏ ਹੋਏ ਸਨ, ਜਿੱਥੇ ਉਨਾਂ ਨੂੰ ਪੇਟ ਦੀ ਕੋਈ ਸਮੱਸਿਆ ਹੋਈ। ਉਨਾਂ ਮਾਨਸਾ ਦੇ ਇਕ ਨਿੱਜੀ ਹਸਪਤਾਲ ਤੋਂ ਆਪਣਾ ਇਲਾਜ ਚਲਾਇਆ ਹੋਇਆ ਸੀ। ਮੰਗਲਵਾਰ ਦੀ ਦੁਪਹਿਰ ਜਦ ਮਹੰਤ ਅੰਮ੍ਰਿਤ ਮੁਨੀ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਮੌਜੂਦ ਸਨ ਤਾਂ ਅਚਾਨਕ ਉਨਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਉਪਰੰਤ ਉਨਾਂ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਤੇ ਉਥੇ ਉਨਾਂ ਆਪਣੇ ਸਾਂਹ ਤਿਆਗ ਦਿੱਤੇ। ਜਦੋਂ ਹੀ ਉਨਾਂ ਦੇ ਦੇਹਾਂਤ ਦੀ ਖਬਰ ਫੈਲੀ ਤਾਂ ਡੇਰੇ ਦੇ ਉਪਾਸਕਾਂ, ਸ਼ਰਧਾਲੂਆਂ, ਸ਼ਹਿਰੀਆਂ ਤੇ ਧਾਰਮਿਕ ਖੇਤਰ ਚ ਮਾਤਮ ਛਾ ਗਿਆ। ਮਹੰਤ ਅੰਮ੍ਰਿਤ ਮੁਨੀ ਪਹਿਲਾਂ ਡੇਰਾ ਸੁਖਦੇਵ ਮੁਨੀ ਜੀ ਦੇ ਸੇਵਾਦਾਰ ਸਨ ਤੇ ਫਿਰ ਡੇਰਾ ਬਾਬਾ ਭਾਈ ਗੁਰਦਾਸ ਜੀ ਦੀ ਮਹੰਤਨੀ ਬਚਿੰਤ ਕੌਰ ਦੇ ਅਕਾਲ ਚਲਾਣੇ ਤੋਂ ਬਾਅਦ ਅੰਮ੍ਰਿਤ ਮੁਨੀ ਨੇ ਬਤੌਰ ਗੱਦੀ ਨਸ਼ੀਨ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਸੇਵਾ ਸੰਭਾਲ ਲਈ ਸੀ।ਉਹ ਮਾਨਸਾ ਦੇ ਪਿੰਡ ਘਰਾਂਗਣਾ ਦੇ ਜੰਮਪਲ ਸਨ ਤੇ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ, ਭਾਵਨਾ ਵਾਲੇ ਹੋਣ ਕਰਕੇ ਅਖਾੜੇ ਤੇ ਸਾਧੂ ਸਮਾਜ ਨਾਲ ਜੁੜੇ ਹੋਏ ਸਨ।























