

ਮਾਨਸਾ, 22 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਸ਼ਹਿਰ ਦੇ ਐਸ.ਡੀ.ਕੇ.ਐਲ. ਡੀਏਵੀ ਪਬਲਿਕ ਸਕੂਲ ਵਿੱਚ ਕਲਾਸ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ “ਮੌਰਨਿੰਗ ਵੈਲਨੈੱਸ ਫਿਏਸਟਾ : ਬਾਈਟਸ ਐਂਡ ਸਿਪਸ” ਨਾਮ ਦੀ ਇੰਟਰ ਕਲਾਸ ਕੂਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦਾ ਮਕਸਦ ਬੱਚਿਆਂ ਨੂੰ ਪੌਸ਼ਟਿਕ ਭੋਜਨ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਉਭਾਰਨਾ ਸੀ।
ਮੁਕਾਬਲੇ ਵਿੱਚ ਕੁੱਲ 20 ਟੀਮਾਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਸਿਹਤਮੰਦ ਅਤੇ ਸਵਾਦਿਸ਼ਟ ਨਾਸ਼ਤੇ ਦੇ ਵਿਅੰਜਨ ਤਿਆਰ ਕਰਕੇ ਬਹੁਤ ਸੋਹਣੀ ਤਰ੍ਹਾਂ ਪੇਸ਼ ਕੀਤੇ। ਮੁਕਾਬਲੇ ਦੀ ਜੱਜਮੈਂਟ ਅਧਿਆਪਕਾ ਸਪਨਾ ਸਿੰਗਲਾ (ਮਾਨਸਾ ਹੋਮ ਬੇਕਰੀ) ਅਤੇ ਜੈਸਮੀਨ ਕੌਰ (ਕੁੰਡਾ ਬੇਕਰਜ਼) ਵੱਲੋਂ ਸਟਾਲ ਸੈਟਅੱਪ, ਪੌਸ਼ਟਿਕਤਾ, ਰਚਨਾਤਮਕਤਾ ਅਤੇ ਪ੍ਰਸਤੁਤੀਕਰਨ ਦੇ ਆਧਾਰ ‘ਤੇ ਕੀਤੀ ਗਈ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਸਾਰੇ ਸਟਾਲਾਂ ਦਾ ਦੌਰਾ ਕੀਤਾ ਅਤੇ ਬੱਚਿਆਂ ਦੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਫੂਡ ਐਂਡ ਨਿਊਟ੍ਰੀਸ਼ਨ ਇੱਕ ਉਭਰਦਾ ਹੋਇਆ ਕਰੀਅਰ ਹੈ ਅਤੇ ਇਸ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਭਵਿੱਖ ਵਿੱਚ ਚੰਗੀ ਸਫਲਤਾ ਹਾਸਲ ਕਰ ਸਕਦੇ ਹਨ।
ਕਾਰਜਕ੍ਰਮ ਦੇ ਅੰਤ ਵਿੱਚ ਵਿਜੇਤਾ ਵਿਦਿਆਰਥੀਆਂ ਨਿਧੀ ਕੁਮਾਰੀ, ਪਲਕ ਮੀਨਾ, ਦਿਵਿਆਂਸ਼ੁ, ਰੋਹਿਤ (12ਵੀਂ ਸਾਇੰਸ) ਅਤੇ ਦਿਸ਼ਿਤਾ (12ਵੀਂ ਕਾਮਰਸ) ਨੂੰ “ਕਿਊਲਿਨਰੀ ਸਟਾਲਵਰਟ ਅਵਾਰਡ” ਦੇ ਕੇ ਸਨਮਾਨਿਤ ਕੀਤਾ ਗਿਆ।























