ਮਾਨਸਾ, (ਸਾਰਾ ਯਹਾ,(ਬਲਜੀਤ ਪਾਲ) : ਸਿੱਖਿਆ, ਰੁਜ਼ਗਾਰ, ਵਿਦਿਆਰਥੀ sਜੀਵਨ ਵਿੱਚ ਆਉਂਦੀਆਂ ਪ੍ਰੇਸ਼ਾਨੀਆਂ ਅਤੇ ਚਲੰਤ ਮਾਮਲਿਆਂ ਤੇ ਡੂੰਘੀ ਜਾਣਕਾਰੀ ਰੱਖਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਯਾਦਵਿੰਦਰਾ ਕਾਲਜ ਤਲਵੰਡੀ ਸਾਬੋ ਦੇ ਪ੍ਰੋਫੈਸਰ ਡਾਕਟਰ ਲਖਬੀਰ ਸਿੰਘ ਬਠਿੰਡਾ ਲੋਕ ਸਭਾ ਹਲਕੇ ਤੋਂ ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨਗੇ। ਉਨ੍ਹਾਂ ਦੱਸਿਆ ਕਿ ਜੇਕਰ ਲੋਕ ਉਨ੍ਹਾਂ ਨੂੰ ਬਠਿੰਡਾ ਹਲਕੇ ਤੋਂ ਜਿਤਾ ਕੇ ਲੋਕ ਸਭਾ ਵਿੱਚ ਭੇਜਦੇ ਹਨ ਤਾਂ ਇਹ ਇੱਕ ਆਮ ਨਾਗਰਿਕ ਦੀ ਜਿੱਤ ਹੋਵੇਗੀ। ਉਹਨਾਂ ਦੱਸਿਆ ਕਿ ਉਹ ਅਧਿਆਪਕ ਕਿੱਤੇ ਦੇ ਨਾਲ ਨਾਲ ਕਿਸਾਨੀ ਨਾਲ ਮੁੱਢ ਤੋਂ ਜੁੜੇ ਹੋਏ ਨੇ ਜਿਸ ਕਰਕੇ ਸਮੁੱਚੇ ਮੁੱਦਿਆਂ ਤੋਂ ਵਾਕਫ਼ ਨੇ ਤੇ ਜੇ ਲੋਕ ਉਹਨਾਂ ਨੂੰ ਕਾਮਯਾਬ ਕਰਦੇ ਨੇ ਤਾਂ ਉਹ ਇਸ ਹਲਕੇ ਦੇ ਵਿਦਿਆਰਥੀ, ਕਿਸਾਨ, ਮਜਦੂਰ, ਵਪਾਰੀ ਤੇ ਮੁਲਾਜਮ ਵਰਗ ਦੀਆਂ ਸਮੁੱਚੀਆਂ ਸਮੱਸਿਆਵਾਂ ਤੇ ਪ੍ਰੇਸ਼ਾਨੀਆ ਨੂੰ ਦੂਰ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ।ਡਾਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਪਿਛਲੇ 70 ਸਾਲਾਂ ਤੋਂ ਰਿਵਾਇਤੀ ਪਾਰਟੀਆਂ ਆਮ ਲੋਕਾਂ ਨੂੰ ਮੁਢਲੀਆਂ ਸਮੱਸਿਆਵਾਂ ਦਾ ਹੱਲ ਨਹੀਂ ਦੇ ਸਕੀਆਂ। ਆਮ ਲੋਕਾਂ ਦਾ ਚੋਣਾਂ ਵਿੱਚ ਉਤਸ਼ਾਹ ਦਿਨੋ ਦਿਨ ਘਟ ਰਿਹਾ ਹੈ ਜੋ ਕਿ ਸਾਡੇ ਦੇਸ਼ ਦੇ ਲੋਕਤੰਤਰੀ ਢਾਂਚੇ ਲਈ ਘਾਤਕ ਹੈ।ਲੋਕ ਇੱਛਾ ਰੱਖਦੇ ਹਨ ਕਿ ਰਿਵਾਇਤੀ ਪਾਰਟੀਆਂ ਤੇ ਰਿਵਾਇਤੀ ਨੇਤਾਵਾਂ ਦੀ ਜਗਾ ਨਵੇਂ ਚਿਹਰੇ ਰਾਜਨੀਤੀ ਵਿੱਚ ਆਉਣ।ਉਹਨਾਂ ਕਿਹਾ ਕਿ ਭਾਵੇਂ ਮੇਰੇ ਵਰਗੇ ਆਮ ਬੰਦੇ ਦਾ ਰਾਜਨੀਤੀ ਚ ਆਉਣਾ ਕੋਈ ਸ਼ੌਕ ਨਹੀਂ ਅਤੇ ਆਖ਼ਰੀ ਦਿਨ ਕਾਗਜ਼ ਦਾਖਲ ਕਰਕੇ ਲੋਕਾਂ ਤੱਕ ਇਹੀ ਸੁਨੇਹਾ ਪਹੁੰਚਾਉਣਾ ਚਾਹੁੰਦਾ ਹਾਂ ਕਿ ਹੁਣ ਚੋਣ ਅਖਾੜੇ ਚ ਆਮ ਲੋਕਾਂ ਦੇ ਕੁੱਦਣ ਦਾ ਸਮਾਂ ਆ ਗਿਆ ਹੈ ਤੇ ਉਹ ਇਸ ਪੱਖ ਤੋਂ ਪਹਿਲਕਦਮੀ ਕਰ ਰਹੇ ਹਨ। ਉਹਨਾਂ ਅਨੁਸਾਰ ਰਿਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਦਾ ਪ੍ਰਚਾਰ ਇਹ ਸਿੱਧ ਕਰ ਰਿਹਾ ਹੈ ਕਿ ਉਹ ਵਿਅਕਤੀਗਤ ਤੌਰ ਤੇ ਅਪਨੀ ਨਿਜੀ ਲੜਾਈ ਲੜ ਰਹੇ ਹਨ ਤੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਦੇ ਮੁੱਦੇ ਉਹਨਾਂ ਦੇ ਵਿਚਾਰਾਂ ਤੋਂ ਗਾਇਬ ਹਨ। ਉਹਨਾਂ ਪ੍ਰੈਸ ਨੂੰ ਕਿਹਾ ਕਿ ਕੋਈ ਉਮੀਦਵਾਰ ਦੱਸਿਓ ਜਿਹੜਾ ਮਿਆਰੀ ਸਿਖਿਆ ਦੇ ਆਮ ਲੋਕਾਂ ਦੀ ਮਾਰ ਤੋਂ ਬਾਹਰ ਜਾਣ ਦੀ, ਬੇਰੁਜ਼ਗਾਰੀ ਤੇ ਨਸ਼ੇ੍ ਚ ਲੁਪਤ ਹੋ ਰਹੀ ਜਵਾਨੀ ਦੀ, ਫੇਲ ਹੋ ਰਹੇ ਵਪਾਰ ਤੇ ਕਿਸਾਨੀ ਦੀ, ਮਜ਼ਦੂਰ ਵਰਗ ਦੇ ਪੇਟ ਤੇ ਆਤਮ ਸਨਮਾਨ ਦੀ ਬਹਾਲੀ ਦੀ ਅਤੇੇ ਟੌਲ ਪਲਾਜਿਆਂ ਵਰਗੇ ਨਵੇਂ ਨਵੇਂ ਲੁੱਟ ਦੇ ਕੇਂਦਰ ਨਿਸ਼ਾਨੀਆਂ ਦੀ ਗੱਲ ਕਰਦਾ ਹੋਵੇ।ਵਾਤਾਵਰਣ ਦੀ ਸੰਭਾਲ ਤੇ ਨਸ਼ਾ ਇੱਕ ਬਹੁਤ ਵੱਡਾ ਮਸਲਾ ਹੈ ਜਿਸ ਬਾਰੇ ਕੋਈ ਵੀ ਗੱਲ ਨਹੀਂ ਕਰ ਰਿਹਾ। ਪ੍ਰੋਫੈਸਰ ਲਖਬੀਰ ਸਿੰਘ ਨੇ ਇੱਕ ਰੋਲ ਮਾਡਲ ਬਣਕੇ ਨਾਮਜ਼ਦਗੀ ਪਰਚਾ ਭਰਨ ਤੋਂ ਪਹਿਲਾਂ ਆਪਣੀ ਡੋਪ ਟੈਸਟ ਰਿਪੋਰਟ ਜਨਤਕ ਕੀਤੀ ਹੈ ਤੇ ਉਹਨਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦੇ ਡੋਪ ਟੈਸਟ ਜ਼ਰੂਰੀ ਕੀਤੇ ਜਾਣ ਕਿਉਂਕਿ ਚੁਣੇ ਗਏ ਉਮੀਦਵਾਰਾਂ ਦੀ ਸਭਾ ਹੀ ਕਾਨੂੰਨ ਬਣਾਉਂਦੀ ਏ। ਜੇਕਰ ਸਰਕਾਰੀ ਨੌਕਰੀ ਲਈ ਡੋਪ ਜ਼ਰੂਰੀ ਹੈ ਤਾਂ ਲਾਅ ਮੇਕਰਾਂ ਲਈ ਇਹ ਟੈਸਟ ਜ਼ਰੂਰੀ ਕਿਉਂ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ 29 ਅਪਰੈਲ ਨੂੰ ਆਪਣੇ ਕਾਗ਼ਜ਼ ਭਰਨ ਸਮੇਂ ਡੋਪ ਟੈੱਸਟ ਦੀ ਕਾਪੀ ਨਾਲ ਨੱਥੀ ਕਰਨਗੇ, ਜਿਕਰਯੋਗ ਹੈ ਪ੍ਰੋਫੈਸਰ ਲਖਬੀਰ ਸਿੰਘ ਕਾਫ਼ੀ ਦੇਰ ਤੋਂ ਪੰਜਾਬੀ ਯੂਨੀਵਰਸਿਟੀ ਦੇ ਯਾਦਵਿੰਦਰਾ ਕਾਲਜ ਤਲਵੰਡੀ ਸਾਬੋ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸਤੋਂ ਪਹਿਲਾਂ ਉਹਨਾਂ 11 ਸਾਲ ਸਰਕਾਰੀ ਸਕੂਲ ਵਿਚ ਵੀ ਫਿਜਿਕਸ ਲੈਕਚਰਾਰ ਵਜੋਂ ਸੇਵਾ ਨਿਭਾਈ। ਹੁਣ ਤੱਕ ਸੈਂਕੜੇ ਵਿਦਿਆਰਥੀਆਂ ਨੂੰ ਪੜ੍ਹਾ ਚੁੱਕੇ ਪ੍ਰੋਫ਼ੈਸਰ ਦੀ ਵਿਦਿਆਰਥੀਆਂ ਨਾਲ ਡੂੰਘੀ ਸਾਂਝ ਹੈ ਜਿਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਵਿਦਿਆਰਥੀ ਉਨ੍ਹਾਂ ਨੂੰ ਆਪਣੀ ਵੋਟ ਅਤੇ ਸਪੋਟ ਦੇ ਕੇ ਲੋਕ ਸਭਾ ਵਿੱਚ ਪਹੁੰਚਾਉਣ ਲਈ ਪੂਰਾ ਯੋਗਦਾਨ ਦੇਣਗੇ।