

ਮਾਨਸਾ, 16 ਮਈ ( ਹੀਰਾ ਸਿੰਘ ਮਿੱਤਲ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਮਾਨਸਾ ਡਾ. ਅਨੂਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੰਜੀਵ ਓਬਰਾਏ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਕਸਟੈਂਸਨ ਐਜੂਕੇਟਰ ਸ਼੍ਰੀ ਹਰਬੰਸ ਨੇ ਦੱਸਿਆ ਕਿ ਸਥਾਨਕ ਡੀ.ਏ.ਵੀ. ਸਕੂਲ ਮਾਨਸਾ ਵਿਖੇ ਇਹ ਟੀਕਾਕਰਨ 18 ਮਈ ਤੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੀਕਾਕਰਨ ਦੀ ਨਿਗਰਾਨੀ ਡਾ. ਰਣਜੀਤ ਸਿੰਘ ਰਾਏ ਵੱਲੋਂ ਕੀਤੀ ਜਾਵੇਗੀ।
ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਤੰਦਰੁਸਤੀ ਕਾਇਮ ਰੱਖਣ ਲਈ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਨੂੰ ਖਸਰਾ-ਰੁਬੇਲਾ ਟੀਕੇ ਮੁਫ਼ਤ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਟੀਕਾ ਬਹੁਤ ਹੀ ਸੁਰੱਖਿਅਤ ਹੈ ਅਤੇ ਮਾਪੇ ਕਿਸੇ ਵੀ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੋਂ ਦੂਰ ਰਹਿਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਹੁਣ ਤੱਕ 40 ਹਜ਼ਾਰ ਬੱਚਿਆਂ ਨੂੰ ਇਹ ਟੀਕਾ ਲੱਗ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਬੱਚੇ ਵੀ ਇਸ ਟੀਕਾਕਰਨ ਤਹਿਤ ਕਵਰ ਕਰ ਲਏ ਜਾਣਗੇ। ਉਨ੍ਹਾਂ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਵੇਰੇ ਨਾਸ਼ਤਾ ਕਰਵਾ ਕੇ ਸਕੂਲ ਲਈ ਭੇਜਣ।
ਉਨ੍ਹਾਂ ਦੱਸਿਆ ਕਿ ਖਸਰੇ ਕਾਰਨ ਬੱਚਿਆਂ ਨੂੰ ਦਸਤ, ਨਮੋਨੀਆ, ਦਿਮਾਗੀ ਬੁਖ਼ਾਰ ਅਤੇ ਰੁਬੈਲਾ ਬਿਮਾਰੀ ਨਾਲ ਗਰਭ ਅਵਸਥਾ ਵਿੱਚ ਵਾਰ-ਵਾਰ ਗਰਭਪਾਤ, ਮੁਰਦਾ ਬੱਚੇ ਦਾ ਜਨਮ ਲੈਣਾ, ਬੱਚਿਆਂ ਦੇ ਜਮਾਂਦਰੂ ਨੁਕਸ, ਅੰਨ੍ਹੇ, ਬੋਲੇ, ਮੰਦਬੁੱਧੀ ਅਤੇ ਦਿਲ ਦੇ ਰੋਗੀ ਆਦਿ ਰੋਗਾਂ ਵਾਲੇ ਬੱਚੇ ਜਨਮ ਲੈਂਦੇ ਹਨ, ਜਿਨ੍ਹਾਂ ਤੋਂ ਇੱਕ ਟੀਕਾ ਲਗਾਉਣ ਨਾਲ ਬਚਾਅ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਟੀਕਾ ਪਿਛਲੇ ਕਈ ਸਾਲਾਂ ਤੋਂ ਮਾਂ-ਬਾਪ ਆਪਣੇ ਬੱਚਿਆਂ ਨੂੰ ਬਜ਼ਾਰ ਵਿੱਚੋਂ ਖਰੀਦ ਕੇ ਲਗਵਾ ਰਹੇ ਹਨ, ਪ੍ਰੰਤੂ ਇਹ ਟੀਕਾ ਮਹਿੰਗਾ ਹੋਣ ਕਾਰਨ ਹਰ ਕੋਈ ਇਹ ਟੀਕਾ ਨਹੀਂ ਲਗਵਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦੀ ਸਲਾਹ ‘ਤੇ ਸਰਕਾਰ ਵੱਲੋਂ ਇਹ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੂਰੇ ਭਾਰਤ ਵਿੱਚ 8 ਕਰੋੜ ਬੱਚਿਆਂ ਨੂੰ ਟੀਕਾ ਲੱਗ ਚੁੱਕਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਬੁਰਾ ਪ੍ਰਭਾਵ ਬੱਚਿਆਂ ‘ਤੇ ਸਾਹਮਣੇ ਨਹੀਂ ਆਇਆ ਹੈ।
ਬਾਕਸ
-ਪੂਰੇ ਭਾਰਤ ਵਿੱਚ 8 ਕਰੋੜ ਬੱਚਿਆਂ ਨੂੰ ਲੱਗ ਚੁੱਕਾ ਹੈ ਮੀਜ਼ਲ ਰੁਬੇਲਾ ਦਾ ਟੀਕਾ।
-9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਦਾ ਕੀਤਾ ਜਾ ਰਿਹਾ ਹੈ ਟੀਕਾਕਰਨ।
-ਮਾਨਸਾ ਜ਼ਿਲ੍ਹੇ ਅੰਦਰ 40 ਹਜ਼ਾਰ ਬੱਚੇ ਲਗਵਾ ਚੁੱਕੇ ਹਨ ਮੀਜ਼ਲ-ਰੁਬੇਲਾ ਟੀਕਾ।
-ਟੀਕਾਕਰਨ ਤੋਂ ਪਹਿਲਾਂ ਬੱਚਿਆਂ ਨੂੰ ਸਵੇਰੇ ਨਾਸ਼ਤਾ ਕਰਵਾ ਕੇ ਭੇਜਣ ਮਾਪੇ।























