ਟਰਾਂਸਪੋਰਟ ਮੰਤਰੀ ਨੇ ਪੀ.ਆਰ.ਟੀ.ਸੀ., ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਕੰਮਕਾਜ ਦਾ ਲਿਆ ਜਾਇਜ਼ਾ

0
13

ਚੰਡੀਗੜ,(ਸਾਰਾ ਯਹਾ,ਬਲਜੀਤ ਸ਼ਰਮਾ) 22 ਨਵੰਬਰ: ਟਰਾਂਸਪੋਰਟ ਵਿਭਾਗ ਵਲੋਂ ਬਹੁਤ ਜਲਦ ਸੂਬੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਚਲਾਈਆਂ ਜਾ ਰਹੀਆਂ ਬੱਸਾਂ ’ਤੇ ਰੋਕ ਲਗਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨਾਲ ਪਬਲਿਕ ਟਰਾਂਸਪੋਰਟ ਦੇ ਮਾਲੀਏ ’ਤੇ ਮਾੜਾ ਅਸਰ ਪੈਂਦਾ ਹੈ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਚੰਡੀਗੜ ਦੇ ਪੰਜਾਬ ਭਵਨ ਵਿਖੇ ਸਾਰੀਆਂ ਖੇਤਰੀ ਟਰਾਂਸਪੋਰਟ ਅਥਾਰਟੀਆਂ (ਆਰ.ਟੀ.ਏ) ਅਤੇ ਪੀ.ਆਰ.ਟੀ.ਸੀ., ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਸਾਰੇ ਡਿੱਪੂਆਂ ਦੇ ਜਨਰਲ ਮੈਨੇਜਰਾਂ ਨਾਲ ਕੰਮਕਾਜ ਦਾ ਜਾਇਜ਼ਾ ਲੈਣ ਸਬੰਧੀ ਕਰਵਾਈ ਗਈ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਦਿੱਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਵਿਭਾਗ ਦੇ  ਬੁਲਾਰੇ ਨੇ ਦੱਸਿਆ ਕਿ ਮੰਤਰੀ ਵਲੋਂ ਸਾਰੇ ਆਰ.ਟੀ.ਏਜ਼ ਅਤੇ ਜੀ.ਐੱਮਜ਼ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਮਾਲੀਆ ਜੁਟਾਉੁਣ ਦੇ ਸਾਰੇ ਟੀਚਿਆਂ ਨੂੰ ਪੂਰਾ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਨੇ  ਅਧਿਕਾਰੀਆਂ ਨੂੰ ਪ੍ਰਾਈਵੇਟ ਬੱਸ ਆਪਰੇਟਰਾਂ ਦੁਆਰਾ ਸਾਰੇ ਰੂਟਾਂ ’ਤੇ ਗੈਰ-ਕਾਨੂੰਨੀ ਢੰਗ ਨਾਲ ਬੱਸਾਂ ਚਲਾਉਣ ਦੀ ਸ਼ਨਾਖਤ ਕਰਨ ਦੇ ਮੱਦੇਨਜ਼ਰ ਫਲਾਇੰਗ ਸਕੁਐਡ ਟੀਮਾਂ ਰਾਹੀਂ ਨਿਗਰਾਨੀ ਵਧਾਉਣ ਲਈ ਕਿਹਾ ਹੈ । ਸ੍ਰੀਮਤੀ ਸੁਲਤਾਨਾ ਨੇ ਪ੍ਰਾਈਵੇਟ ਬੱਸ ਆਪਰੇਟਰਾਂ ਦੁਆਰਾ ਕੀਤੀ ਜਾਂਦੀ ਅਜਿਹੀ ਧਾਂਦਲੀ ਅਤੇ ਗੈਰ ਕਾਨੂੰਨੀ ਕੰਮਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਉਨਾਂ ਨੇ ਅਫਸਰਾਂ ਨੂੰ ਸਪੱਸ਼ਟ ਕੀਤਾ ਕਿ ਉਹ(ਅਧਿਕਾਰੀ) ਰਾਜ ਭਰ ਵਿੱਚ ‘ਇੱਕ ਬੱਸ ਇਕ ਪਰਮਿਟ’ ਨੀਤੀ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ।ਟਰਾਂਸਪੋਰਟ ਮੰਤਰੀ ਨੇ ਹਰੇਕ ਡਿੱਪੂ ਦੀਆਂ ਆਮਦਨੀ ਪ੍ਰਾਪਤੀਆਂ, ਕੁੱਲ ਆਮਦਨੀ, ਲਾਭ ਅਤੇ ਮਾਲੀਏ ਦੇ ਨੁਕਸਾਨ ਦਾ ਵੱਖਰੇ ਤੌਰ ’ਤੇ ਜਾਇਜ਼ਾ ਲਿਆ। ਉਨਾਂ ਜਨਰਲ ਮੈਨੇਜਰਾਂ ਨੂੰ ਕਿਹਾ ਕਿ ਹਰ ਕਿਸਮ ਦੀ ਚੋਰੀ ਤੇ ਧੋਖਾਧੜੀ ਦੇ ਢੰਗਾਂ ਦੀ ਪਛਾਣ ਕਰਕੇ ਅਤੇ ਉਹਨਾਂ ਨੂੰ ਰੋਕ ਕੇ ਮਾਲੀਆ ਇਕੱਤਰ ਕਰਨ ਦੇ ਯਤਨਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨਾਂ ਨੇ  ਜੀਐਮਜ਼ ਨੂੰ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵੱਖ ਵੱਖ ਸ਼੍ਰੇਣੀਆਂ ਨੂੰ ਮੁਫਤ ਜਾਂ ਰਿਆਇਤੀ ਬੱਸ ਯਾਤਰਾ ਪਾਸ ਮੁਹੱਈਆ ਕਰਵਾਉਣ  ਦੀ ਥਾਂ ’ਤੇ ਵੱਖਵੱਖ ਵਿਭਾਗਾਂ ਦੇ ਅਦਾਇਗੀ ਦੇ ਸਾਰੇ ਬਕਾਇਆ ਬਿੱਲ ਲਗਾਉਣ ਲਈ ਵੀ ਹਦਾਇਤ ਕੀਤੀ। ਅਧਿਕਾਰੀਆਂ ਨੂੰ ਵੱਖ-ਵੱਖ ਡਿੱਪੂਆਂ ਵਿਚ ਪਈਆਂ ਸਾਰੀਆਂ ਕੰਡਮ ਬੱਸਾਂ ਅਤੇ ਹੋਰ ਵਿਅਰਥ ਪਈਆਂ ਵਸਤਾਂ ਦੀ ਸੂਚੀ ਤਿਆਰ ਕਰਨ ਅਤੇ ਇਨਾਂ ਬੇਕਾਰ ਚੀਜ਼ਾਂ ਦੀ ਨਿਲਾਮੀ ਸ਼ੁਰੂ ਕਰਨ ਲਈ ਵੀ ਕਿਹਾ ਗਿਆ। ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਜਲਦੀ ਹੀ ਪਨਬੱਸ ਦੇ ਮੌਜੂਦਾ ਬੇੜੇ ਨੂੰ ਵਧਾਉਣ ਲਈ ਨਵੀਂ ਬੱਸਾਂ ਖਰੀਦਣ ਲਈ ਵਿੱਤ ਵਿਭਾਗ ਅੱਗੇ ਪ੍ਰਸਤਾਵ ਪੇਸ਼ ਕਰੇਗਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ, ਟਰਾਂਸਪੋਰਟ ਵਿਭਾਗ ਦੇ ਸਟੇਟ ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ, ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਗੁਰਲੋਵਲੀਨ ਸਿੰਘ, ਆਰ.ਟੀ.ਏ ਅਤੇ ਪੰਜਾਬ ਰੋਡਵੇਜ, ਪੈਪਸੂ ਅਤੇ ਪਨਬੱਸ ਦੇ ਸਾਰੇ ਡਿਪੂਆਂ ਦੇ ਜੀ.ਐੱਮ ਮੌਜੂਦ ਸਨ।

LEAVE A REPLY

Please enter your comment!
Please enter your name here