ਮਾਨਸਾ,(ਸਾਰਾ ਯਹਾਂ/ਜਗਤਾਰ ਧੰਜਲ) – ਸੀ. ਪੀ. ਐਫ਼ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਮਾਨਸਾ ਵੱਲੋਂ ਅੱਜ ਝੁਨੀਰ ਵਿਖੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਦੌਰੇ ਦੌਰਾਨ ਤਿੱਖਾ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਾਲੀਆਂ ਝੰਡੀਆਂ ਲਹਿਰਾ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਯੂਨੀਅਨ ਆਗੂਆਂ ਨੇ ਕਿਹਾ ਕਿ ਨਵੰਬਰ 2022 ਵਿੱਚ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵੀ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ, ਜੋ ਮੁਲਾਜ਼ਮ ਵਰਗ ਨਾਲ ਸਿੱਧਾ ਧੋਖਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਕੇਵਲ ਭਰੋਸੇ ਦਿੱਤੇ ਜਾ ਰਹੇ ਹਨ, ਪਰ ਜਮੀਨੀ ਪੱਧਰ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ।
ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਕਾਰਵਾਈ ਕਰਦਿਆਂ ਕਈ ਮੁੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵਿੱਚ ਧਰਮਿੰਦਰ ਹੀਰੇਵਾਲਾ, ਕਰਮਜੀਤ ਤਾਮਕੋਟ, ਮਲਕੀਤ ਖਿਆਲਾਂ, ਪ੍ਰਭਜੋਤ ਸਿੰਘ ਬੁਢਲਾਡਾ, ਗੁਰਲਾਲ ਬਹਿਣੀਵਾਲ, ਮਨੋਜ ਕੁਮਾਰ, ਹਰਪ੍ਰੀਤ ਬੱਪੀਆਣਾ, ਅੰਗਰੇਜ਼ ਸਿੰਘ, ਅਮਨਦੀਪ ਸਿੰਘ ਘੁੱਦੂਵਾਲਾ, ਗੁਰਵਿੰਦਰ ਸਿੰਘ ਦਹੀਆ, ਗੁਰਪਾਲ ਸਿੰਘ ਘੁੱਦੂਵਾਲਾ, ਗੁਰਦੀਪ ਬਰਨਾਲਾ ਅਤੇ ਕੁਲਦੀਪ ਸਿੰਘ ਦੇ ਨਾਮ ਸ਼ਾਮਲ ਹਨ।
ਗ੍ਰਿਫ਼ਤਾਰ ਆਗੂਆਂ ਨੂੰ ਥਾਣਾ ਸਰਦੂਲਗੜ੍ਹ ਅਤੇ ਜੋੜਕੀਆਂ ਵਿਖੇ ਰੱਖਿਆ ਗਿਆ। ਆਗੂਆਂ ਨੇ ਕਿਹਾ ਕਿ ਉਹ ਪੁਰਾਣੀ ਪੈਨਸ਼ਨ ਬਹਾਲੀ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਣਗੇ।
ਯੂਨੀਅਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਜਲਦ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।