

ਜਲੰਧਰ (ਸਾਰਾ ਯਹਾ) : ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਲੁੱਟ ਲਈ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਟਾਇਰਡ ਪੁਲਿਸ ਮੁਲਾਜ਼ਮ ਦਾ ਬੇਟਾ ਪਲਵਿੰਦਰ ਸਿੰਘ ਜਦੋਂ ਆਫਿਸ ਵਿੱਚ ਬੈਠਾ ਸੀ ਤਾਂ ਸੋਮਵਾਰ ਰਾਤ ਕੁਝ ਲੁਟੇਰਿਆਂ ਨੇ ਉਸ ‘ਤੇ ਫਾਇਰਿੰਗ ਕੀਤੀ। ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਪਲਵਿੰਦਰ ਟਰਾਂਸਪੋਰਟ ਕੰਪਨੀ ਦੇ ਆਫਿਸ ਵਿੱਚ ਕੰਮ ਕਰਦਾ ਸੀ।
ਜਲੰਧਰ ਦੀ ਰਾਮਾ ਮੰਡੀ ਦਾ ਰਹਿਣ ਵਾਲਾ 28 ਸਾਲ ਦਾ ਪਲਵਿੰਦਰ ਸਿੰਘ 10 ਸਾਲ ਪਹਿਲਾਂ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਗਿਆ ਸੀ। ਮਾਂ-ਬਾਪ ਨੇ ਉਸ ਦੇ ਚੰਗੇ ਭਵਿੱਖ ਲਈ ਉਸ ਨੂੰ ਕੈਨੇਡਾ ਭੇਜਿਆ। ਪਿਛਲੇ 10 ਸਾਲ ਵਿੱਚ ਸਿਰਫ ਉਹ ਦੋ ਵਾਰ ਹੀ ਆਪਣੇ ਪਰਿਵਾਰ ਕੋਲ ਜਲੰਧਰ ਆਇਆ। 15 ਜੁਲਾਈ ਨੂੰ ਉਸ ਦਾ ਜਨਮ ਦਿਨ ਸੀ। ਮਾਂ-ਬਾਪ ਨਾਲ ਉਸ ਨੇ ਗੱਲ ਕਰਕੇ ਨਵੰਬਰ ਵਿੱਚ ਆਉਣ ਲਈ ਵੀ ਆਖਿਆ ਸੀ।
ਪਰਿਵਾਰ ਨੇ ਨਵੰਬਰ ਵਿੱਚ ਆਪਣੇ ਇਕਲੌਤੇ ਮੁੰਡੇ ਦਾ ਵਿਆਹ ਕਰਨਾ ਸੀ। ਉਸ ਵਾਸਤੇ ਨਵਾਂ ਘਰ ਵੀ ਬਣਾਇਆ ਜਾ ਰਿਹਾ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਲਵਿੰਦਰ ਦੀ ਭੈਣ ਜਸਵਿੰਦਰ ਵੀ ਕੈਨੇਡਾ ਵਿੱਚ ਹੀ ਰਹਿੰਦੀ ਹੈ। ਭਰਾ ਦੀ ਮੌਤ ਤੋਂ ਬਾਅਦ ਉਹ ਬ੍ਰੈਂਪਟਨ ਚਲੀ ਗਈ ਹੈ। ਬਾਪ ਦੀ ਹੁਣ ਇਹੀ ਅਪੀਲ ਹੈ ਕਿ ਸਰਕਾਰ ਮਦਦ ਕਰੇ ਤਾਂ ਜੋ ਬੇਟੇ ਦੀ ਲਾਸ਼ ਜਲਦ ਤੋਂ ਜਲਦ ਇੰਡੀਆ ਲਿਆਈ ਜਾ ਸਕੇ।
EDITED BY : SARA YAHA | | Last Updated : 2:42 pm 18 JULY 2018























