

ਮਾਨਸਾ, 23 ਜੁਲਾਈ (ਸਾਰਾ ਯਹਾ,(ਬਲਜੀਤ ਸ਼ਰਮਾ) : ਚਾਈਲਡ ਲਾਈਨ 1098 ਅਤੇ ਸਰਬੱਤ ਦਾ ਭਲਾ ਟਰੱਸਟ ਦੁਆਰਾ ਪਿੰਡ ਭਾਦੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਰ.ਓ. ਪਲਾਂਟ ਲਗਾਇਆ ਗਿਆ। ਇਸ ਮੌਕੇ ਚਾਈਲਡ ਲਾਈਨ ਟੀਮ ਮੈਂਬਰ ਕੁਲਵਿੰਦਰ ਸਿੰਘ ਅਤੇ ਬਖਸ਼ਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਭਾਦੜਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੁਆਰਾ ਜਨਵਰੀ 2019 ਵਿੱਚ ਚਾਈਲਡ ਲਾਈਨ ਮਾਨਸਾ ਨੂੰ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਸਕੂਲ ਵਿੱਚ ਪੀਣ ਵਾਲਾ ਪਾਣੀ ਬਹੁਤ ਖਰਾਬ ਹੈ ਜਿਸ ਵਿਚ ਟੀ.ਡੀ.ਐਸ. ਦੀ ਮਾਤਰਾ ਬਹੁਤ ਜ਼ਿਆਦਾ ਹੈ। ਸਕੂਲ ਵਿੱਚ ਲਗਭਗ 600 ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਚਾਈਲਡ ਲਾਈਨ ਮਾਨਸਾ ਨੇ ਇਸ ਸਮੱਸਿਆ ਦੇ ਹੱਲ ਲਈ ਸਰਬੱਤ ਦਾ ਭਲਾ ਟਰੱਸਟ ‘ਪਟਿਆਲਾ‘ ਨੂੰ ਇੱਕ ਪੱਤਰ ਰਾਹੀਂ ਆਰ.ਓ ਪਲਾਂਟ ਲਗਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸਰਬੱਤ ਦਾ ਭਲਾ ਟਰੱਸਟ ਦੁਆਰਾ ਸਕੂਲ ਵਿੱਚ ਪਾਣੀ ਦੇ ਵਿੱਚ ਟੀ.ਡੀ.ਐਸ. ਦੀ ਮਾਤਰਾ ਚੈੱਕ ਕਰਨ ਤੋਂ ਬਾਅਦ ਸਕੂਲ ਵਿੱਚ ਆਰ.ਓ. ਪਲਾਂਟ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ। ਇਸ ਯੋਗਦਾਨ ਲਈ ਚਾਈਲਡ ਲਾਈਨ ਮਾਨਸਾ, ਸਕੂਲ ਅਧਿਆਪਕਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਸਰਬੱਤ ਦਾ ਭਲਾ ਟਰੱਸਟ ਦਾ ਧੰਨਵਾਦ ਕੀਤਾ ਗਿਆ। ਚਾਈਲਡ ਲਾਈਨ 1098 ਮਾਨਸਾ ਦੇ ਪ੍ਰੌਜੈਕਟ ਕੋਆਰਡੀਨੇਟਰ ਕਮਲਦੀਪ ਸਿੰਘ ਨੇ ਇਕ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਆਦਮੀ ਜਾਂ ਸੰਸਥਾ ਗਰੀਬ ਬੇਸਹਾਰਾ ਜਾਂ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਚਾਈਲਡ ਲਾਈਨ ਦਫ਼ਤਰ ਮਾਨਸਾ ਜਾਂ ਦਫ਼ਤਰ ਦੇ ਸੰਪਰਕ ਨੰਬਰ 01652-227098, 228098 ਤੇ ਰਾਬਤਾ ਕਰਕੇ ਜਾਣਕਾਰੀ ਦੇ ਸਕਦਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀ ਸੁਖਪਾਲ ਸਿੰਘ, ਸਕੂਲ ਪ੍ਰਿੰਸੀਪਲ ਸ੍ਰੀ ਪ੍ਰਵੀਨ ਕੁਮਾਰ, ਅਧਿਆਪਕ ਸ੍ਰੀ ਦਲਵਿੰਦਰ ਸਿੰਘ ਅਤੇ ਸ੍ਰੀ ਜਗਤਾਰ ਸਿੰਘ ਮੌਜੂਦ ਸਨ।























