ਮਾਨਸਾ, 27 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਦੇ ਇੱਕ ਗੁਦਾਮ ਵਿੱਚ ਪਈ ਕਣਕ ਦੀਆਂ ਬੋਰੀਆਂ ਨੂੰ ਜਾਣ ਬੁੱਝ ਕੇ ਬਾਰਿਸ਼ ਵਿੱਚ ਗਿੱਲਾ ਕਰਨ ਦੀਆਂ ਖਬਰਾਂ ਦਾ ਖੰਡਨ ਕਰਦਿਆਂ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸ਼੍ਰੀ ਮਨਦੀਪ ਸਿੰਘ ਮਾਨ ਨੇ ਅੱਜ ਸਪਸ਼ਟ ਕੀਤਾ ਕਿ ਮਾਨਸਾ ਖੁਰਦ ਦੇ ਮਾਰਕਫੈਡ ਦੇ ਗੋਦਾਮ ਵਿੱਚ ਪਈ ਕਣਕ ਦਾ ਨਿਯਮਾਂ ਅਨੁਸਾਰ ਖਿਆਲ ਰੱਖਿਆ ਜਾ ਰਿਹਾ ਹੈ ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਗੋਦਾਮਾਂ ਵਿਚ ਪਈ ਕਣਕ ਦੇ ਗੱਟਿਆਂ ਵਿਚ ਸਲਫਾਸ ਦਵਾਈ ਪਾਈ ਜਾਂਦੀ ਹੈ ਤਾਂ ਜੋ ਕਣਕ ਖ਼ਰਾਬ ਨਾ ਹੋਵੇ। ਇਸ ਦੇ ਲਈ ਸਰਕਾਰ ਵੱਲੋਂ 30 ਜੂਨ ਤੋਂ ਪਹਿਲਾਂ ਕਣਕ ਵਿਚ ਸਲਫਾਸ ਦਵਾਈ ਪਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ।
ਸਰਕਾਰ ਵੱਲੋਂ ਨਿਰਧਾਰਤ ਸਮੇਂ ਅਨੁਸਾਰ ਮਾਨਸਾ ਖੁਰਦ ਦੇ ਮਾਰਕਫੈਡ ਗੋਦਾਮ ‘ਚ ਸਟੋਰ ਕੀਤੀ ਕਣਕ ਦੇ ਕੁੱਲ 167 ਚੱਕਿਆਂ ਚੋਂ 157 ਚੱਕਿਆਂ ‘ਚ ਦਵਾਈ ਪਾਈ ਜਾ ਚੁੱਕੀ ਹੈ ਅਤੇ ਸਿਰਫ 10 ਚੱਕਿਆਂ ਵਿਚ ਦਵਾਈ ਪਾਉਣ ਦੀ ਪ੍ਰਕਿਰਿਆ ਚਲ ਰਹੀ ਸੀ। ਉਨ੍ਹਾਂ ਦੱਸਿਆ ਕਿ ਦਵਾਈ ਪਾਉਣ ਤੋਂ ਪਹਿਲਾਂ ਚੱਕਿਆਂ ਦੇ ਕਵਰਾਂ ਨੂੰ ਚੱਕ ਕੇ ਇਸ ਨੂੰ ਹਵਾ ਲਗਾਉਣਾ ਜ਼ਰੂਰੀ ਹੁੰਦਾ ਹੈ । ਇਸ ਤੋਂ ਬਾਅਦ ਹੀ ਦਵਾਈ ਪਾਉਣ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਬੰਧਤ ਸਟਾਫ ਅਤੇ ਅਧਿਕਾਰੀਆਂ ਵੱਲੋਂ ਚੱਕਿਆਂ ਨੂੰ ਖੁੱਲ੍ਹਾ ਰੱਖਿਆ ਗਿਆ ਸੀ ‘ਤੇ ਇਸ ਦੌਰਾਨ ਅਚਨਚੇਤ ਆਈ ਬਾਰਿਸ਼ ਦੌਰਾਨ ਇੰਨ੍ਹਾਂ 10 ਚੱਕਿਆਂ ਨੂੰ ਢਕ ਦਿੱਤਾ ਗਿਆ ਸੀ। ਇੰਨ੍ਹਾਂ ਚੱਕਿਆਂ ‘ਤੇ ਬਾਰਿਸ਼ ਦਾ ਜ਼ਿਆਦਾ ਪ੍ਰਭਾਵ ਨਾ ਹੋਣ ਕਾਰਨ ਚੱਕਿਆਂ ਵਿਚ ਦਵਾਈ ਪਾ ਕੇ ਇਸ ਦੀ ਪ੍ਰਕਿਰਿਆ ਨੂੰ ਮੁਕੰਮਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਾਰਕਫੈੱਡ ਵਿਚ ਕੁੱਲ 167 ਚੱਕਿਆਂ ਚ ਦਵਾਈ ਪ੍ਰਕਿਰਿਆ ਨੂੰ ਮੁਕੰਮਲ ਕਰ ਕੇ ਕਵਰ ਕਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਣਕ ਦਾ ਮੀਂਹ ਦੇ ਪਾਣੀ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ ।