ਖੂਹੀ ਪੱਕੀ ਕਰਦੇ ਸਮੇਂ ਮਲਬੇ ਹੇਠ ਆਇਆ ਮਜ਼ਦੂਰ ਜਿਊਂਦਾ ਬਾਹਰ ਕੱਢਿਆ

0
2

ਮਾਨਸਾ(ਹੀਰਾ ਸਿੰਘ ਮਿੱਤਲ )- ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੁਸਤੈਦੀ ਅਤੇ ਸਰਕਾਰੀ ਡਾਕਟਰਾਂ ਦੀ ਟੀਮ ਦੀ ਮਦਦ ਦੇ ਨਾਲ ਅੱਜ ਮਾਨਸਾ ਦੇ ਪਿੰਡ ਮਾਖਾ ਵਿਖੇ ਇਕ ਖੂਹੀ ਨੂੰ ਪੱਕਾ ਕਰ ਰਿਹਾ ਮਜ਼ਦੂਰ, ਜੋ ਕਿ ਢਿੱਗਾਂ ਡਿੱਗਣ ਕਾਰਨ ਭਾਰੀ ਮਲਬੇ ਦੇ ਦਬਾਅ ਹੇਠ ਆ ਗਿਆ ਸੀ, ਨੂੰ ਸਫ਼ਲਤਾਪੂਰਵਕ ਜਿਊਂਦਾ ਬਾਹਰ ਕੱਢ ਲਿਆ ਗਿਆ। ਤਕਰੀਬਨ ਤਿੰਨ ਘੰਟੇ ਚੱਲੇ ਇਸ ਬਚਾਓ ਅਭਿਆਨ ‘ਚ 2 ਜੇ. ਸੀ. ਬੀ. ਮਸ਼ੀਨਾਂ ਅਤੇ 6-7 ਟਰੈਕਟਰਾਂ ਦੀ ਮਦਦ ਨਾਲ ਇਕ ਮਜ਼ਦੂਰ, ਜਿਸ ਦੀ ਸ਼ਨਾਖਤ ਗੁਰਦੀਪ ਸਿੰਘ (29) ਵਜੋਂ ਹੋਈ ਹੈ, ਨੂੰ ਸਫ਼ਲਤਾਪੂਰਵਕ ਬਚਾ ਕੇ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਮਾਨਸਾ ਅਭੀਜੀਤ ਕਪਲਿਸ਼ ਨੇ ਦੱਸਿਆ ਕਿ ਢੈਪਈ ਵਾਸੀ ਇਹ ਮਜ਼ਦੂਰ ਅੱਜ ਸਵੇਰੇ ਕਰੀਬ 11.30 ਵਜੇ ਇਕ ਖੂਹੀ ਨੂੰ ਪੱਕਾ ਕਰਨ ਲਈ ਰੱਸੇ ਰਾਹੀਂ ਹੇਠਾਂ ਉਤਰਿਆ ਸੀ। ਇਸ ਉਪਰੰਤ ਅਚਾਨਕ ਹੀ ਢਿੱਗਾਂ ਡਿੱਗਣ ਕਾਰਨ ਮਲਬੇ ਹੇਠ ਆ ਗਿਆ ਸੀ। ਉਸ ਨੂੰ ਪ੍ਰਸ਼ਾਸਨ ਦੀ ਕਾਫ਼ੀ ਸਮਾਂ ਚੱਲੀ ਮੁਸਤੈਦੀ ਨਾਲ ਬਚਾਅ ਲਿਆ ਗਿਆ।
ਤਹਿਸੀਲਦਾਰ ਮਾਨਸਾ ਅਮਰਜੀਤ ਸਿੰਘ ਅਤੇ ਜੋਗਾ ਐੱਸ. ਐੱਚ. ਓ. ਅਮਨਪਾਲ ਸਿੰਘ ਨੇ ਆਪਣੀਆਂ ਟੀਮਾਂ ਸਮੇਤ ਮੌਕੇ ‘ਤੇ ਪਹੁੰਚ ਕੇ ਮਜ਼ਦੂਰ ਨੂੰ ਹਸਪਤਾਲ ਪਹੁੰਚਾਇਆ, ਜਿਸ ਦੇ ਬਚਾਅ ਤੇ ਇਲਾਜ ਦਾ ਸਾਰਾ ਪ੍ਰਬੰਧ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ।


EDITED BY : SARA YAHA | | Last Updated :3 June 2018

LEAVE A REPLY

Please enter your comment!
Please enter your name here